ਚੰਡੀਗੜ੍ਹ: ਮੁਹਾਲੀ ਜ਼ਿਲ੍ਹੇ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿੱਚ ਲੱਗੇ ਮੇਲੇ ਵਿੱਚ ਹੋਏ ਹਾਦਸੇ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ। ਦਰਅਸਲ, ਲੰਡਨ ਬ੍ਰਿਜ ਮੇਲਾ ਖਚਾਖਚ ਭਰਿਆ ਹੋਇਆ ਸੀ। ਮੇਲੇ ਵਿੱਚ ਜਿਹੜੀਆਂ ਸਟਾਲਾਂ ਲੱਗਈਆਂ ਹੋਈਆਂ ਸਨ, ਹੁਣ ਉਹ ਲੋਕ ਆਪਣਾ ਸਾਮਾਨ ਬੰਨ੍ਹ ਕੇ ਚਲੇ ਜਾ ਰਹੇਂ ਹਨ। ਭਾਵੇਂ ਇਹ ਮੇਲਾ 11 ਸਤੰਬਰ ਤੱਕ ਚੱਲਣਾ ਸੀ ਪਰ ਹਾਦਸੇ ਕਾਰਨ ਮੇਲਾ ਬੰਦ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਮੇਲਾ ਪ੍ਰਬੰਧਕ ਸਵਾਲਾਂ ਦੇ ਘੇਰੇ ਵਿੱਚ ਹੈ।


ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ 'ਚ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਝੂਲੇ ਤੋਂ ਡਿੱਗ ਕੇ ਲੋਕ ਜ਼ਖਮੀ ਹੋਏ ਹਨ, ਝੂਲੇ ਦੀ ਸੀਟ ਬੈਲਟ ਵੀ ਸਵਾਲਾਂ ਦੇ ਘੇਰੇ 'ਚ ਹੈ। ਮੌਕੇ ਦਾ ਨਿਰੀਖਣ ਕਰਨ 'ਤੇ ਪਤਾ ਲੱਗਾ ਕਿ ਕੁਝ ਸੀਟਾਂ 'ਤੇ ਸੀਟ ਬੈਲਟਾਂ ਨਹੀਂ ਸਨ ਅਤੇ ਕਈਆਂ 'ਤੇ ਜਾਅਲੀ ਬੈਲਟ ਸਨ।


ਇਸ ਦੇ ਨਾਲ ਹੀ ਝੂਲੇ ਆਦਿ ਦੀ ਸਾਂਭ-ਸੰਭਾਲ ਵੀ ਨਹੀਂ ਕੀਤੀ ਗਈ। ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹ ਹਾਦਸਾ ਝੂਲੇ ਦੀ ਤਾਰ ਟੁੱਟਣ ਕਾਰਨ ਵਾਪਰਿਆ ਹੈ। ਪੀਸੀਆਰ ਪਾਰਟੀਆਂ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਗਈਆਂ ਸਨ। ਮੇਲੇ ਦੌਰਾਨ ਮੈਡੀਕਲ ਸਹੂਲਤਾਂ ਨਾ ਮਿਲਣ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਮੁਹਾਲੀ ਦੇ ਸਿਵਲ ਹਸਪਤਾਲ ਦੇ ਡਾਕਟਰ ਪਰਮਿੰਦਰ ਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕੁੱਲ 4 ਮਰੀਜ਼ ਆਏ ਸਨ। ਇੱਥੇ ਆਏ ਮਰੀਜ਼ ਮੁੱਢਲੀ ਸਹਾਇਤਾ ਤੋਂ ਬਾਅਦ ਇਲਾਜ ਲਈ ਆਪਣੇ ਜੱਦੀ ਘਰ ਚਲੇ ਗਏ। ਕਈਆਂ ਨੂੰ ਉੱਥੋ ਛੁੱਟੀ ਦੇ ਦਿੱਤੀ ਗਈ। ਰੀੜ੍ਹ ਦੀ ਹੱਡੀ, ਸਰਵਾਈਕਲ ਦੀ ਸੱਟ ਅਤੇ ਨੱਕ ਆਦਿ 'ਤੇ ਸੱਟਾਂ ਲੱਗੀਆਂ ਸਨ। ਸਾਰੇ ਮਰੀਜ਼ ਖਤਰੇ ਤੋਂ ਬਾਹਰ ਹਨ। ਇਸ ਘਟਨਾ 'ਤੇ ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਫਸੋਸ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਲਾ ਪ੍ਰਬੰਧਕਾਂ ਖ਼ਿਲਾਫ਼ ਲਾਪਰਵਾਹੀ ਵਰਤਣ ਦਾ ਕੇਸ ਦਰਜ ਕੀਤਾ ਜਾਵੇ। 



ਚਸ਼ਮਦੀਦਾਂ ਨੇ ਕਿਹਾ- ਹਾਦਸਾ ਡਰਾਉਣਾ ਸੀ
ਉਮਾ ਸ਼ੰਕਰ ਗਿਰੀ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਦੇ ਸਾਹਮਣੇ ਅਚਾਨਕ ਕੇਬਲ ਟੁੱਟਣ ਕਾਰਨ ਝੂਲਾ ਕਾਫੀ ਉਚਾਈ ਤੋਂ ਹੇਠਾਂ ਆ ਗਿਆ। ਇਸ ਵਿੱਚ ਔਰਤਾਂ, ਮਰਦ ਅਤੇ ਬੱਚੇ ਬੈਠੇ ਸਨ। ਇਸ ਝੂਲੇ ਵਿੱਚ 15 ਤੋਂ 20 ਲੋਕ ਸਵਾਰ ਸਨ। ਹਾਦਸਾ ਰਾਤ 9.15 ਵਜੇ ਵਾਪਰਿਆ। 


ਜਸਪ੍ਰੀਤ ਕੌਰ ਨਾਂ ਦੀ ਔਰਤ ਨੇ ਦੱਸਿਆ ਕਿ ਇਹ ਹਾਦਸਾ ਉਸ ਦੇ ਸਾਹਮਣੇ ਵਾਪਰਿਆ। ਉਸ ਨੇ ਖੁਦ ਛੋਟੇ ਬੱਚਿਆਂ ਨੂੰ ਬਚਾਇਆ। ਬੱਚਿਆਂ ਦੇ ਬੁੱਲ੍ਹਾਂ, ਨੱਕ ਅਤੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਬੱਚਿਆਂ ਦਾ ਬੁਰਾ ਹਾਲ ਸੀ। ਦੋ ਬੱਚੇ ਬੇਹੋਸ਼ ਹੋ ਗਏ ਸਨ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਹ ਸੈਰ ਕਰਨ ਆਇਆ ਸੀ। ਮੌਕੇ 'ਤੇ ਕੋਈ ਪੀਸੀਆਰ ਜਾਂ ਐਂਬੂਲੈਂਸ ਵੀ ਨਹੀਂ ਸੀ।