ਚੰਡੀਗੜ੍ਹ: ਕਿਸਾਨ ਇਸ ਵਾਲ ਪਹਿਲੀ ਜੂਨ ਤੋਂ ਹੀ ਝੋਨਾ ਲਾਉਣ ਲਈ ਬਾਜਿੱਦ ਹਨ। ਇਸ ਲਈ ਕਿਸਾਨ ਜਥੇਬੰਦੀਆਂ ਨੇ ਕਮਰ ਕੱਸ ਲਈ ਹੈ। ਉਧਰ, ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ 10 ਜੂਨ ਤੋਂ ਕਰਨ ਦਾ ਐਲਾਨ ਕੀਤਾ ਹੈ। ਇਹ ਪਹਿਲਾਂ ਨਾਲੋਂ 10 ਦਿਨ ਐਡਵਾਂਸ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਲੇਬਰ ਦੀ ਸਮੱਸਿਆ ਕਰਕੇ ਪਹਿਲੀ ਜੂਨ ਤੋਂ ਹੀ ਝੋਨਾ ਲਾਉਣਗੇ।
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੰਘਰਸ਼ ਦਾ ਬਿਗੁਲ ਵਜਾਉਂਦਿਆਂ ਕੋਵਿਡ-19 ਤਹਿਤ ਝੋਨੇ ਦੀ ਲੁਆਈ ਪਹਿਲੀ ਜੂਨ ਤੋਂ ਕਰਨ ਤੇ ਖੇਤੀ ਮੋਟਰਾਂ ’ਤੇ 16 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਹੋਈ ਮੀਟਿੰਗ ਦੌਰਾਨ ਜਥੇਬੰਦੀ ਨੇ ਆਪਣੀਆਂ ਮੰਗਾਂ ਸਬੰਧੀ 18, 19 ਤੇ 20 ਮਈ ਨੂੰ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਹੈ।
ਜਥੇਬੰਦੀ ਨੇ ਮੰਗ ਕੀਤੀ ਕਿ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦੇ ਖੇਤੀ ਕਿੱਤੇ ਨਾਲ ਸਬੰਧਤ ਸਾਰੇ ਕੰਮਾਂ ਨੂੰ ਝੋਨੇ ਦੀ ਲਵਾਈ ਸਮੇਤ ਮਨਰੇਗਾ ਵਿੱਚ ਸ਼ਾਮਲ ਕੀਤਾ ਜਾਵੇ, ਖੇਤੀ ਮੋਟਰਾਂ ਨੂੰ 16 ਘੰਟੇ ਬਿਜਲੀ ਸਪਲਾਈ ਤੇ ਝੋਨੇ ਦੀ ਬਿਜਾਈ 1 ਜੂਨ ਤੋਂ ਕੀਤੀ ਜਾਵੇ। ਕਿਸਾਨਾਂ, ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ।
ਇਸ ਤੋਂ ਇਲਾਵਾ 60 ਸਾਲ ਤੋਂ ਵੱਧ ਉਮਰ ਦੇ ਕਿਸਾਨਾਂ-ਮਜ਼ਦੂਰਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦੇਣ, ਮੰਤਰੀਆਂ, ਵਿਧਾਇਕਾਂ, ਮੁੱਖ ਮੰਤਰੀ, ਚੇਅਰਮੈਨਾਂ, ਵੱਡੀ ਅਫ਼ਸਰਸ਼ਾਹੀ ਦੀਆਂ ਪੈਨਸ਼ਨਾਂ ਤੇ ਭੱਤੇ ਬੰਦ ਕਰਨ ਤੇ ਉਨ੍ਹਾਂ ਦੀਆਂ ਤਨਖਾਹਾਂ ’ਤੇ 50 ਫ਼ੀਸਦ ਦੀ ਕਟੌਤੀ ਕਰਨ ਦੀ ਮੰਗ ਕੀਤੀ ਗਈ।
ਉਧਰ, ਆਲ ਇੰਡੀਆ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ ’ਤੇ ਆਧਾਰਤ 10 ਕਿਸਾਨ ਜਥੇਬੰਦੀਆਂ ਨੇ ਝੋਨਾ ਲਾਉਣ ਲਈ ਪਹਿਲੀ ਜੂਨ ਯਕੀਨੀ ਬਣਾਉਣ ਲਈ ਜ਼ੋਰ ਅਜ਼ਮਾਈ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਇੱਕ ਜੂਨ ਤੋਂ ਝੋਨਾ ਲਾਉਣ ਵਾਲੇ ਕਿਸਾਨਾਂ ਦੀ ਪਿੱਠ ’ਤੇ ਖੜ੍ਹਨ ਦਾ ਐਲਾਨ ਕੀਤਾ।
ਉਨ੍ਹਾਂ ਦੱਸਿਆ ਕਿ 20 ਮਈ ਨੂੰ ਪੰਜਾਬ ਭਰ ਵਿਚੋਂ ਸਰਕਾਰ ਨੂੰ ਮੰਗ ਪੱਤਰ ਭੇਜੇ ਜਾਣਗੇ ਜਿਸ ਵਿਚ ਮੰਗ ਕੀਤੀ ਜਾਵੇਗੀ ਕਿ ਇਕ ਜੂਨ ਤੋਂ 16 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ। ਕਿਸਾਨਾਂ ਨੂੰ ਕਰੋਨਾ ਫੂਡ ਯੋਧਿਆਂ ਦਾ ਦਰਜਾ ਦਿੰਦਿਆਂ 16 ਮਈ ਨੂੰ ਝੰਡੇ ਲਹਿਰਾ ਕੇ ਕਿਸਾਨਾਂ ਦਾ ਸਨਮਾਨ ਕੀਤਾ ਜਾਵੇਗਾ।
ਕੈਪਟਨ ਸਰਕਾਰ ਸਾਹਮਣੇ ਅੜ੍ਹ ਗਏ ਕਿਸਾਨ, ਝੋਨਾ ਤਾਂ ਪਹਿਲੀ ਜੂਨ ਤੋਂ ਹੀ ਲੱਗੇਗਾ
ਏਬੀਪੀ ਸਾਂਝਾ
Updated at:
12 May 2020 04:26 PM (IST)
ਕਿਸਾਨ ਇਸ ਵਾਲ ਪਹਿਲੀ ਜੂਨ ਤੋਂ ਹੀ ਝੋਨਾ ਲਾਉਣ ਲਈ ਬਾਜਿੱਦ ਹਨ। ਇਸ ਲਈ ਕਿਸਾਨ ਜਥੇਬੰਦੀਆਂ ਨੇ ਕਮਰ ਕੱਸ ਲਈ ਹੈ। ਉਧਰ, ਪੰਜਾਬ ਸਰਕਾਰ ਨੇ ਝੋਨੇ ਦੀ ਲੁਆਈ 10 ਜੂਨ ਤੋਂ ਕਰਨ ਦਾ ਐਲਾਨ ਕੀਤਾ ਹੈ। ਇਹ ਪਹਿਲਾਂ ਨਾਲੋਂ 10 ਦਿਨ ਐਡਵਾਂਸ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਲੇਬਰ ਦੀ ਸਮੱਸਿਆ ਕਰਕੇ ਪਹਿਲੀ ਜੂਨ ਤੋਂ ਹੀ ਝੋਨਾ ਲਾਉਣਗੇ।
- - - - - - - - - Advertisement - - - - - - - - -