ਚੰਡੀਗੜ੍ਹ: ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਮੌਤ ਕੋਰੋਨਾਵਾਇਰਸ ਨਾਲ ਹੋਈ ਹੈ। ਇਸ ਨੂੰ ਉਨ੍ਹਾਂ ਦੀ ਵਿਦੇਸ਼ ਫੇਰੀ ਨਾਲ ਜੋੜਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ਼ ਹੈ ਕਿ ਨਿਰਮਲ ਸਿੰਘ ਖਾਲਸਾ ਛੇ ਮਹੀਨੇ ਪਹਿਲਾਂ ਇੰਗਲੈਂਡ ਤੋਂ ਆਏ ਸੀ। ਨਵੰਬਰ ਵਿੱਚ ਭਾਰਤ ਪਰਤਣ ਮਗਰੋਂ ਉਹ ਆਮ ਵਾਂਗ ਵਿਚਰਦੇ ਰਹੇ। ਉਨ੍ਹਾਂ ਕਈ ਥਾਈਂ ਕੀਰਤਨ ਵੀ ਕੀਤਾ। ਡਾਕਟਰਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਛੇ ਮਹੀਨੇ ਬਾਅਦ ਕੋਰੋਨਾਵਾਇਰਸ ਹੋਣਾ ਨਾਮੁਮਕਿਨ ਹੈ। ਇਸ ਲਈ ਮੀਡੀਆ ਅੰਦਰ ਕਈ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ।


ਦੱਸ ਦਈਏ ਕਿ ਨਿਰਮਲ ਸਿੰਘ ਖਾਲਸਾ ਦਾ ਕਰੋਨਾਵਾਇਰਸ ਟੈਸਟ ਪੌਜ਼ੇਟਿਵ ਆਉਣ ਮਗਰੋਂ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਰੱਖਿਆ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਸੀ। ਇਸ ਲਈ ਕੋਵਿਡ-19 ਸਬੰਧੀ ਉਨ੍ਹਾਂ ਦੇ ਨਮੂਨੇ ਜਾਂਚ ਵਾਸਤੇ ਭੇਜੇ ਗਏ ਜੋ ਬੁੱਧਵਾਰ ਨੂੰ ਪੌਜ਼ੇਟਿਵ ਆਏ। ਇਸ ਤੋਂ ਅਗਲੇ ਹੀ ਦਿਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਇਸ ਲਈ ਚਰਚਾ ਛਿੜੀ ਹੈ ਕਿ ਖਾਲਸਾ ਨੂੰ ਵਿਦੇਸ਼ ਯਾਤਰਾ ਕਰਕੇ ਕੋਰੋਨਾ ਹੋਇਆ ਜਾਂ ਫਿਰ ਇਸ ਦਾ ਕੋਈ ਹੋਰ ਕਾਰਨ ਹੈ।

ਉਧਰ ਇਹ ਵੀ ਪਤਾ ਲੱਗਾ ਹੈ ਕਿ 7 ਮਾਰਚ ਨੂੰ ਨਿਰਮਲ ਸਿੰਘ ਖਾਲਸਾ ਅਮਰੀਕਾ ਤੋਂ ਆਏ ਮਹਿਮਾਨਾਂ ਨੂੰ ਮਿਲੇ ਸਨ। ਉਸ ਸਮੇਂ ਵੀ ਸਿਹਤ ਵਿਭਾਗ ਨੇ ਉਨ੍ਹਾਂ ਦੀ ਜਾਂਚ ਕੀਤੀ ਸੀ ਪਰ ਟੈਸਟ ਨੈਗੇਟਿਵ ਆਏ ਸਨ। ਇਸ ਤੋਂ ਕੁਝ ਦਿਨ ਮਗਰੋਂ ਉਨ੍ਹਾਂ ਨੂੰ ਖਾਂਸੀ, ਜ਼ੁਕਾਮ, ਬੁਖਾਰ ਆਦਿ ਦੀ ਸ਼ਿਕਾਇਤ ਹੋਈ। ਇਸ ਨੂੰ ਵੇਖਦਿਆਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਗਲੇ ਦਿਨ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਤਬਦੀਲ ਕਰਕੇ ਨਮੂਨੇ ਜਾਂਚ ਵਾਸਤੇ ਭੇਜੇ ਗਏ। ਇਸ ਵਾਰ ਟੈਸਟ ਪੌਜ਼ੇਟਿਵ ਆਇਆ।

ਖਾਲਸਾ ਦੀ ਮੌਤ ਮਗਰੋਂ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਨ੍ਹਾਂ ਨਾਲ ਸਬੰਧਤ 11 ਵਿਅਕਤੀਆਂ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ’ਚ ਦੋ ਧੀਆਂ, ਇੱਕ ਪੁੱਤਰ, ਪਤਨੀ, ਦੋ ਸੇਵਾਦਾਰ, ਇੱਕ ਡਰਾਈਵਰ, ਦੋ ਸਾਥੀ, ਚਾਚਾ ਤੇ ਚਾਚੀ ਸ਼ਾਮਲ ਹਨ। ਸਾਰਿਆਂ ਦੇ ਸੈਂਪਲ ਸਿਹਤ ਵਿਭਾਗ ਵੱਲੋਂ ਜਾਂਚ ਲਈ ਭੇਜੇ ਜਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪੰਜ ਰਾਗੀ ਸਾਥੀਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਗਿਆ ਹੈ।