ਪਾਕਿਸਤਾਨ ਨੇ ਅੱਜ (10 ਮਈ) ਲਗਾਤਾਰ ਚੌਥੇ ਦਿਨ ਪੰਜਾਬ 'ਤੇ ਹਮਲਾ ਕੀਤਾ। ਪਠਾਨਕੋਟ ਵਿੱਚ ਫਿਰ ਤੋਂ ਗੋਲੀਬਾਰੀ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ, 55 ਮਿੰਟਾਂ ਤੱਕ ਲਗਾਤਾਰ ਧਮਾਕੇ ਹੁੰਦੇ ਰਹੇ। ਪਾਕਿਸਤਾਨ ਵੱਲੋਂ ਮਿਜ਼ਾਈਲਾਂ ਅਤੇ ਬੰਬ ਦਾਗੇ ਗਏ। ਇੱਥੇ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਹਨ। ਇਸ ਤੋਂ ਬਾਅਦ ਉੱਥੇ ਕਰਫਿਊ ਵਰਗੇ ਹਲਾਤ ਪੈਦਾ ਹੋ ਗਏ ਹਨ ਇੱਥੇ ਪੁਲਿਸ ਵੱਲੋਂ ਲਾਗਾਤਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਬਠਿੰਡਾ, ਫਾਜ਼ਿਲਕਾ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿੱਚ ਵੀ ਸਾਇਰਨ ਵੱਜ ਰਹੇ ਹਨ। ਫਿਰੋਜ਼ਪੁਰ ਦੇ ਡੀਸੀ ਦੀਪਸ਼ਿਖਾ ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣਾ ਚਾਹੀਦਾ ਹੈ। ਖਿੜਕੀਆਂ ਤੋਂ ਦੂਰ ਰਹੋ। ਇਸ ਤੋਂ ਇਲਾਵਾ ਜਲੰਧਰ ਵਿੱਚ ਸਵੇਰੇ 8 ਵਜੇ ਧਮਾਕੇ ਹੋਏ। ਆਦਮਪੁਰ ਏਅਰਬੇਸ ਨੇੜੇ ਸਵੇਰੇ 15 ਮਿੰਟ ਤੱਕ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਇਹ ਮਿਜ਼ਾਈਲ ਨਾਹਲਾ ਪਿੰਡ ਵਿੱਚ ਡਿੱਗੀ। ਹਾਲਾਂਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ। ਇੱਥੇ ਕੈਂਟ ਅਤੇ ਆਦਮਪੁਰ ਵਿੱਚ ਬਾਜ਼ਾਰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ ਅਤੇ ਕਪੂਰਥਲਾ ਵਿੱਚ ਵੀ ਬਾਜ਼ਾਰ ਬੰਦ ਕਰ ਦਿੱਤੇ ਗਏ ਹਨ। ਸਿਰਫ਼ ਮੈਡੀਕਲ ਸਟੋਰ ਹੀ ਖੁੱਲ੍ਹੇ ਰਹਿਣਗੇ।
ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜੇਕਰ ਤੁਹਾਡੇ ਨੇੜੇ ਕੋਈ ਡਰੋਨ ਹਾਦਸਾਗ੍ਰਸਤ ਹੋ ਜਾਂਦਾ ਹੈ, ਤਾਂ ਉਸ ਦੇ ਨੇੜੇ ਨਾ ਜਾਓ। ਧਮਾਕੇ ਨਾਲ ਨੁਕਸਾਨ ਹੋ ਸਕਦਾ ਹੈ। ਡਰੋਨ ਦੇ ਕਰੈਸ਼ ਹੋਣ ਦੀ ਸੂਚਨਾ ਤੁਰੰਤ ਆਪਣੇ ਨੇੜਲੇ ਪੁਲਿਸ ਸਟੇਸ਼ਨ ਨੂੰ ਦਿਓ। ਇਸ ਤੋਂ ਇਲਾਵਾ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਥਾਪਿਤ ਪੁਲਿਸ ਕੰਟਰੋਲ ਰੂਮ ਨੰਬਰ 112 ਜਾਂ ਕੰਟਰੋਲ ਰੂਮ ਨੰਬਰ 0181-2224417 'ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਵਿੱਚ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਹਮਲੇ ਕਾਰਨ ਪਠਾਨਕੋਟ ਅਤੇ ਆਦਮਪੁਰ ਏਅਰਬੇਸ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਪਾਕਿਸਤਾਨ ਨੇ ਤੇਜ਼ ਰਫ਼ਤਾਰ ਮਿਜ਼ਾਈਲਾਂ ਦਾਗੀਆਂ ਅਤੇ ਦੋਵਾਂ ਏਅਰਬੇਸਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਕਰਨਲ ਨੇ ਕਿਹਾ ਕਿ ਪਾਕਿਸਤਾਨ ਦਾ ਬ੍ਰਹਮੋਸ ਸਹੂਲਤ ਨੂੰ ਤਬਾਹ ਕਰਨ ਦਾ ਦਾਅਵਾ ਝੂਠਾ ਹੈ। ਸਵੇਰੇ, ਪਾਕਿਸਤਾਨੀ ਫੌਜ ਨੇ ਅੰਮ੍ਰਿਤਸਰ ਦੇ ਬਿਆਸ ਵਿੱਚ ਸਥਿਤ ਬ੍ਰਹਮੋਸ ਮਿਜ਼ਾਈਲ ਸਟੋਰੇਜ ਸਾਈਟ 'ਤੇ ਹਮਲਾ ਕਰਨ ਦਾ ਦਾਅਵਾ ਕੀਤਾ ਸੀ।