ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਹਨ। ਉਨ੍ਹਾਂ ਮੀਡੀਆ ਵਿੱਚ ਇਲਜ਼ਾਮ ਲਾਏ ਹਨ ਕਿ ਪਾਕਿਸਤਾਨ ਵਿੱਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਇਸ ਲਈ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਜਾਵੇ। ਉਨ੍ਹਾਂ 'ਦੇ ਇਲਜ਼ਾਮਾਂ 'ਤੇ ਪਾਕਿਸਤਾਨ 'ਚ ਰਹਿੰਦੇ ਖਾਲਿਸਤਾਨ ਸਮਰਥਕ ਤੇ ਅੱਤਵਾਦੀ ਹਾਫਿਜ਼ ਸਈਦ ਨਾਲ ਨਜ਼ਦੀਕੀਆਂ ਕਾਰਨ ਸੁਰਖ਼ੀਆ ’ਚ ਆਏ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡਿਆ ਰਾਹੀਂ ਵੀਡਿਓ ਜਾਰੀ ਕਰ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ।
ਗੋਪਾਲ ਚਾਵਲਾ ਨੇ ਕਿਹਾ ਕਿ ਇੱਥੇ ਰਹਿੰਦੇ ਸਾਰੇ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀ ਹੈ। ਚਾਵਲਾ ਨੇ ਕਿਹਾ ਕਿ ਪਾਕਿਸਤਾਨ ਦੇ ਸਾਬਕਾ ਵਿਧਾਇਕ ਰਹੇ ਬਲਦੇਵ ਕੁਮਾਰ ਭਾਰਤ ਵਿੱਚ ਸ਼ਰਨ ਲੈਣ ਲਈ ਇਹ ਝੂਠ ਬੋਲ ਰਹੇ ਹਨ। ਉਨ੍ਹਾਂ ਬਲਦੇਵ ਕੁਮਾਰ ਨੂੰ ਅਪੀਲ ਕੀਤੀ ਕਿ ਜੇ ਉਹ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਸਿੱਖਾਂ ਸਬੰਧੀ ਕੋਈ ਗ਼ਲਤ ਬਿਆਨਬਾਜ਼ੀ ਕਰਕੇ ਸ਼ਰਨ ਨਾ ਲੈਣ।
ਗੋਪਾਲ ਚਾਵਲਾ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਦਾ ਵਪਾਰ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕਰਦੇ ਸੀ, ਹੁਣ ਉਹੀ ਪਵਾਰ ਭਾਰਤ ਵਿੱਚ ਕਰਕੇ ਦਿਖਾਉਣ ਕਿਉਂਕਿ ਸਿੱਖ ਹੋਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਛੱਡ ਦਿੱਤਾ ਜਾਂਦਾ ਸੀ ਪਰ ਭਾਰਤ ਨੇ ਨਹੀਂ ਬਖਸ਼ਣਾ। ਹਾਲਾਂਕਿ ਚਾਵਲਾ ਨੇ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਕਿ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕੀ ਵਪਾਰ ਕਰਦੇ ਸੀ।
ਇਸ ਦੇ ਨਾਲ ਹੀ ਚਾਵਲਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਪਾਕਿਸਤਾਨ ਸਰਕਾਰ ਨੇ ਸਿੱਖ ਧਰਮ ਦਾ ਹਮਾਇਤੀ ਹੋਣ ਦਾ ਸਬੂਤ ਦਿੱਤਾ ਹੈ। ਇੱਥੇ ਆਉਣ ਲਈ ਜੋ 20 ਡਾਲਰ ਫੀਸ ਰੱਖੀ ਹੈ, ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਨਹੀਂ। ਇੱਥੋਂ ਦੀ ਸਰਕਾਰ ਨੇ 1100 ਏਕੜ ਜ਼ਮੀਨ ਖ਼ਰੀਦੀ ਤੇ ਹੋਰ ਵਿਕਾਸ ਕਰਵਾਏ ਹਨ ਤੇ ਇਸ ਅਧਾਰ ’ਤੇ ਇਹ ਫੀਸ ਬਿਲਕੁਲ ਜਾਇਜ਼ ਹੈ।
ਚਾਵਲਾ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇ ਕੋਈ ਗਰੀਬ ਵਿਅਕਤੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਣਾ ਚਾਹੁੰਦਾ ਹੈ ਪਰ ਉਹ 20 ਡਾਲਰ ਫੀਸ ਨਹੀਂ ਦੇ ਸਕਦਾ ਤਾਂ ਉਹ ਇੱਥੇ ਆ ਕੇ ਇੱਕ ਫਾਰਮ ਭਰੇ, ਉਸ ਦੀ ਫੀਸ ਦਾ ਪੈਸਾ ਉਨ੍ਹਾਂ ਵੱਲੋਂ ਅਦਾ ਕੀਤਾ ਜਾਏਗਾ।