ਹੁਸ਼ਿਆਰਪੁਰ: ਬੀਤੇ ਦਿਨੀਂ ਜੰਮੂ ਦੇ ਰਾਜੌਰੀ 'ਚ ਡਿਊਟੀ ਦੌਰਾਨ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਦਾ ਜਵਾਬ ਦਿੰਦੇ ਹੋਏ ਭਾਰਤੀ ਫੌਜ ਦੇ ਦੋ ਜਾਂਬਾਜ਼ ਫੌਜੀ ਸ਼ਹੀਦ ਹੋ ਗਏ ਸੀ। ਉਨ੍ਹਾਂ ਵਿੱਚੋਂ ਇੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਅਧੀਨ ਪੈਂਦੇ ਪਿੰਡ ਫਤਿਹਪੁਰ ਦਾ ਜਵਾਨ ਸੁਖਵਿੰਦਰ ਸਿੰਘ ਸੀ। ਅੱਜ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਤਿਰੰਗੇ 'ਚ ਲਿਪਟ ਕੇ ਘਰ ਪਹੁੰਚੀ। ਜਦੋਂ ਘਰ ਵਾਲਿਆਂ ਸਾਹਮਣੇ ਤਾਬੂਤ ਖੋਲ੍ਹਿਆ ਗਿਆ ਤਾਂ ਸਾਰੇ ਹੈਰਾਨ ਰਹਿ ਗਏ।

ਪਾਕਿਸਤਾਨੀ ਫੌਜੀਆਂ ਨੇ ਸੁਖਵਿੰਦਰ ਸਿੰਘ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਸੀ ਤੇ ਸਿਰ ਨੂੰ ਆਪਣੇ ਨਾਲ ਲੈ ਗਏ। ਮ੍ਰਿਤਕ ਦੇਹ ਲੈ ਕੇ ਆਏ ਫੌਜੀ ਨੇ ਪਰਿਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਨਾਲ ਪਿੰਡ ਵਾਲੇ ਗੁੱਸੇ 'ਚ ਆ ਗਏ। ਪਾਕਿ ਦੀ ਇਸ ਨਾਪਾਕ ਹਰਕਤ ਨਾਲ ਪਿੰਡ ਦੇ ਲੋਕ ਗੁੱਸੇ ਨਾਲ ਸਦਮੇ 'ਚ ਹਨ।



ਜਵਾਨ ਸੁਖਵਿੰਦਰ ਸਿੰਘ ਪਿਛਲੇ ਮਹੀਨੇ ਵਿਆਹ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਘਰ ਛੁੱਟੀ ਲੈ ਕੇ ਆਇਆ ਸੀ। ਡਿਊਟੀ 'ਤੇ ਪਰਤਦੇ ਸਮੇਂ ਉਸ ਨੇ ਕਿਹਾ ਕਿ ਉਹ ਜਲਦ ਹੀ ਫਿਰ ਮੁੜ ਕੇ ਆਏਗਾ ਪਰ ਕੀ ਪਤਾ ਸੀ ਕਿ ਉਹ ਤਾਬੂਤ 'ਚ ਬੰਦ ਹੋ ਕੇ ਆਏਗਾ। ਉਸ ਦੀ ਮਾਂ ਰਾਣੀ ਦੇਵੀ ਤੇ ਭਰਾ ਗੁਰਪਾਲ ਸਿੰਘ ਦੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ।