ਅੰਮ੍ਰਿਤਸਰ- ਅੱਜ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਜਿੱਥੇ ਪੂਰੇ ਪਾਕਿਸਤਾਨ ਵਿੱਚ ਇਸ ਦਿਹਾੜੇ ਦਾ ਜਸ਼ਨ ਮਨਾਇਆ ਓਥੇ ਹੀ ਦੋਹਾਂ ਮੁਲਕਾਂ ਦੀਆਂ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਜਵਾਨਾਂ ਅਤੇ ਅਧਿਕਾਰੀਆਂ ਨੇ ਵੀ ਇਸ ਦਿਹਾੜੇ ਤੇ ਇੱਕ ਦੂਜੇ ਨੂੰ ਵਧਾਈ ਦਿੱਤੀ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਪਾਕਿਸਤਾਨੀ ਰੇਂਜਰਾਂ ਨੂੰ ਮਿਠਾਈ ਭੇਂਟ ਕਰ ਕੇ ਇਸ ਦਿਹਾੜੇ ਦੀਆਂ ਵਧਾਇਆ ਦਿੱਤੀਆਂ।       ਭਾਰਤ ਅਤੇ ਪਾਕਿਸਤਾਨ ਦੀਆਂ ਫ਼ੌਜਾਂ ਅਤੇ ਸੁਰੱਖਿਆ ਏਜੰਸੀਆਂ ਅੰਤਰਰਾਸ਼ਟਰੀ ਸਰਹੱਦ ਤੇ ਕਈ ਵਾਰ ਆਹਮਣੇ-ਸਾਹਮਣੇ ਵੇਖੀਆਂ ਗਈਆਂ ਹਨ। ਪਰ ਜਦੋਂ ਮੌਕਾ ਹੁੰਦਾ ਹੈ ਕਿਸੇ ਤਿਉਹਾਰ ਜਾਂ ਫਿਰ ਦੋਹਾਂ ਮੁਲਕਾਂ ਦੇ ਆਜ਼ਾਦੀ ਦਿਹਾੜੇ ਦਾ ਤਾਂ ਦੋਹਾਂ ਮੁਲਕਾਂ ਦੀਆਂ ਸਰਹੱਦਾਂ ਤੇ ਤਾਇਨਾਤ ਜਵਾਨ ਅਤੇ ਅਧਿਕਾਰੀ ਇੱਕ ਦੂਜੇ ਨੂੰ ਗਲ ਮਿਲ ਕੇ ਇਹਨਾਂ ਦਿਹਾੜਿਆਂ ਦੀਆਂ ਸ਼ੁੱਭ ਕਾਮਨਾਵਾਂ ਦੇਣ ਤੋਂ ਵੀ ਪਿੱਛੇ ਨਹੀਂ ਹੁੰਦੇ।       ਅੱਜ ਵੀ ਸਵੇਰੇ ਸੀਮਾ ਸੁਰੱਖਿਆ ਬਲ ਦੇ ਕੰਪਨੀ ਕਮਾਂਡਰ ਸੁਦੀਪ ਕੁਮਾਰ ਨੇ ਪਾਕਿਸਤਾਨ ਰੇਂਜਰਜ਼ ਦੇ ਕਮਾਂਡਰ ਬਿਲਾਲ ਨੂੰ ਮਿਠਾਈ ਭੇਂਟ ਕੀਤੀ ਅਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸ਼ੁੱਭ ਕਾਮਨਾਵਾਂ ਦਿੱਤੀਆਂ।