ਲੁਧਿਆਣਾ: ਜ਼ਿਲ੍ਹੇ ਦੇ ਕਸਬਾ ਦੋਰਾਹਾ ਦੇ ਪਿੰਡ ਚਣਕੋਈਆਂ ਖੁਰਦ ਦੀ ਪੰਚਾਇਤ ਨੇ ਤੁਗ਼ਲਕੀ ਫੁਰਮਾਨ ਜਾਰੀ ਕਰਦਿਆਂ ਪ੍ਰੇਮ ਵਿਆਹ ਕਰਨ ਵਾਲਿਆਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਪਿੰਡ ਵਾਸੀਆਂ ਨੇ ਕੀਤਾ ਸੋ ਕੀਤਾ ਪਰ ਪਾਇਲ ਹਲਕੇ ਅਧੀਨ ਪੈਂਦੇ ਇਸ ਪਿੰਡ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਜੇ ਕੋਈ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਕਾਰਵਾਈ ਹੋਵੇਗੀ।   ਕੀ ਹੈ ਪੂਰਾ ਮਾਮਲਾ- ਦਰਅਸਲ, ਚਣਕੋਈਆਂ ਖੁਰਦ ਪਿੰਡ ਵਿੱਚ ਇੱਕ ਮੁੰਡੇ ਨੇ ਗੁਆਂਢ ਵਿੱਚ ਰਹਿੰਦੀ ਕੁੜੀ ਨਾਲ ਵਿਆਹ ਕਰ ਲਿਆ, ਜਿਸ ਤੋਂ ਬਾਅਦ ਪਿੰਡ ਵਿੱਚ ਤਣਾਅ ਹੋ ਗਿਆ। ਪਿੰਡ ਵਾਸੀਆਂ ਨੇ ਸਰਬ ਸੰਮਤੀ ਨਾਲ ਦੇਸ਼ ਦੇ ਸੰਵਿਧਾਨ ਨੂੰ ਚੈਲੇਂਜ ਕਰਕੇ ਬਾਈਕਾਟ ਦਾ ਮਤਾ ਪਾਸ ਕਰ ਦਿੱਤਾ। ਵਧੀਕ ਪੰਚ ਹਾਕਮ ਸਿੰਘ, ਜੋ ਸਰਪੰਚ ਦਾ ਕੰਮਕਾਜ ਦੇਖ ਰਹੇ ਹਨ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਾਬਕਾ ਸਰਪੰਚ, ਕਲੱਬ ਪ੍ਰਧਾਨ ਤੇ ਹੋਰਨਾਂ 29 ਅਪ੍ਰੈਲ ਨੂੰ ਪਿੰਡ ਦੇ ਗੁਰੂਘਰ ਵਿੱਚ ਇਕੱਠੇ ਹੋਏ। ਉਨ੍ਹਾਂ ਸਾਰਿਆਂ ਨੇ ਮਤਾ ਪਾਸ ਕਰ ਦਿੱਤਾ ਕਿ ਜੋ ਵਿਅਕਤੀ ਆਪਣੀ ਮਰਜ਼ੀ ਨਾਲ ਵਿਆਹ ਕਰੇਗਾ ਤਾਂ ਪਿੰਡ ਉਸ ਦਾ ਬਾਈਕਾਟ ਕਰੇਗਾ। ਲਵ-ਮੈਰਿਜ ਵਾਲਿਆਂ ਲਈ ਕੀ ਸਜ਼ਾ- ਪਿੰਡ ਨੇ ਮਤਾ ਪਾਸ ਕੀਤਾ ਕਿ ਪ੍ਰੇਮ ਵਿਆਹ ਕਰਵਾਉਣ ਵਾਲੇ ਜੋੜੇ ਦੇ ਨਾਲ ਨਾਲ ਪਰਿਵਾਰ ਦਾ ਵੀ ਸਮਾਜਕ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਦੁਕਾਨਦਾਰ ਉਨ੍ਹਾਂ ਨੂੰ ਸੌਦਾ-ਪੱਤਾ ਦਿੰਦਾ ਹੈ ਤਾਂ ਉਸ 'ਤੇ ਵੀ ਇਹੋ ਸਜ਼ਾ ਲਾਗੂ ਹੋਵੇਗੀ। ਜੇਕਰ ਕੋਈ ਇਸ ਮਤੇ ਦੀ ਪਾਲਣਾ ਨਹੀਂ ਕਰਦਾ ਤਾਂ ਉਸ 'ਤੇ ਵੀ ਇਹੋ ਸ਼ਰਤਾਂ ਲਾਗੂ ਹੋਣਗੀਆਂ। ਪਿੰਡ ਵਾਸੀਆਂ ਦੀ ਮੰਗ- ਪਿੰਡ ਵਾਸੀਆਂ ਨੇ ਇਸ ਗੱਲ 'ਤੇ ਤਸੱਲੀ ਪ੍ਰਗਟਾਈ ਹੈ ਤੇ ਕਿਹਾ ਕਿ ਪ੍ਰੇਮ ਵਿਆਹ ਨਾਲ ਰਿਸ਼ਤੇ ਤਾਰ ਤਾਰ ਹੁੰਦੇ ਹਨ ਤੇ ਪਿੰਡ ਦਾ ਮਾਹੌਲ ਵੀ ਖ਼ਰਾਬ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਦਾ ਫੈਸਲਾ ਸ਼ਲਾਘਾਯੋਗ ਹੈ। ਉਨ੍ਹਾਂ ਇਸ ਮਤੇ ਨੂੰ ਕਾਨੂੰਨੀ ਰੂਪ ਦੇਣ ਦੀ ਵੀ ਮੰਗ ਕੀਤੀ ਹੈ ਤਾਂ ਜੋ ਕੋਈ ਵੀ ਅਜਿਹਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਪੁਲਿਸ ਤੇ ਵਿਧਾਇਕ ਦਾ ਐਕਸ਼ਨ- ਪਿੰਡ ਵਿੱਚ ਮਾਹੌਲ ਖਿਲਾਫ਼ ਦੇਖਦੇ ਹੋਏ ਨਵੇਂ ਵਿਆਹੇ ਜੋੜੇ ਨੂੰ ਪਿੰਡੋਂ ਬਾਹਰ ਭੇਜ ਦਿੱਤਾ ਹੈ। ਉੱਧਰ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਇਹ ਤਾਂ ਮੰਨਿਆ ਕਿ ਅਜਿਹਾ ਫੁਰਮਾਨ ਭਾਰਤ ਦੇ ਸੰਵਿਧਾਨ ਦੀ ਉਲੰਘਣਾ ਹੈ, ਪਰ ਨਾਲ ਹੀ ਕਿਹਾ ਕਿ ਇਸ ਨੂੰ ਪਿੰਡ ਵਾਲਿਆਂ ਨੇ ਆਪਣੇ ਪੱਧਰ 'ਤੇ ਹੀ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਕਾਨੂੰਨ ਦੀ ਉਲੰਘਣਾ ਕੀਤੀ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।