ਮੀਂਹ ਤੇ ਝੱਖੜ ਨੇ ਝੰਬੇ ਕਿਸਾਨ, ਮੰਡੀਆਂ 'ਚ ਭਿੱਜੀ ਫਸਲ
ਏਬੀਪੀ ਸਾਂਝਾ | 02 May 2018 05:18 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅੱਜ ਤੇਜ਼ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਅੰਮ੍ਰਿਤਸਰ ਦੀ ਦਾਣਾ ਮੰਡੀ ਵਿੱਚ ਪਈ ਕਣਕ ਮੀਂਹ ਨਾਲ ਭਿੱਜ ਗਈ ਜਿਸ ਨੂੰ ਵੇਖ ਕੇ ਕਿਸਾਨਾਂ ਦੇ ਸਾਹ ਸੁੱਕ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇੰਨੀ ਮਿਹਨਤ ਕਰਕੇ ਉਹ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਏ ਪਰ ਲਿਫਟਿੰਗ ਨਾ ਹੋਣ ਕਾਰਨ ਉਨ੍ਹਾਂ ਦੀ ਮਿਹਨਤ ਦੀ ਸਾਰੀ ਕਮਾਈ ’ਤੇ ਪਾਣੀ ਫਿਰ ਗਿਆ। ਮੰਡੀ ਬੋਰਡ ਵੱਲੋਂ ਕਣਕ ਨੂੰ ਮੀਂਹ ਤੋਂ ਬਚਾਉਣ ਜਾਂ ਫ਼ਸਲ ਨੂੰ ਢੱਕਣ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਜਿਸ ਕਰਕੇ ਕਿਸਾਨਾਂ ਦੀ ਪੱਕੀ ਫ਼ਸਲ ਮੰਡੀ ਤਕ ਆ ਕੇ ਵੀ ਕਿਸੇ ਕੰਮ ਦੀ ਨਹੀਂ ਰਹੀ। ਦੂਜੇ ਪਾਸੇ ਕਮਿਸ਼ਨ ਏਜੰਟ ਨੇ ਕਿਹਾ ਕਿ ਮੀਂਹ ਕਾਰਨ ਕਿਸਾਨਾਂ ਦੀ ਪੱਕੀ ਫ਼ਸਲ ਖ਼ਰਾਬ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਪਹਿਲਾਂ ਹੀ ਅਪੀਲ ਕੀਤੀ ਸੀ ਕਿ ਜਿਨ੍ਹਾਂ ਕੋਲ ਆਪਣੀ ਗੱਡੀ ਹੈ, ਉਨ੍ਹਾਂ ਨੂੰ ਹੀ ਟੈਂਡਰ ਦਿੱਤਾ ਜਾਵੇ ਪਰ ਸਰਕਾਰ ਨੇ ਉਨ੍ਹਾਂ ਨੂੰ ਟੈਂਡਰ ਦਿੱਤਾ ਜਿਨ੍ਹਾਂ ਕੋਲ ਗੱਡੀ ਨਹੀਂ ਹੈ। ਇਸ ਵੇਲੇ ਮੀਂਹ ਨਾਲ ਲਗਪਗ 90 ਹਜ਼ਾਰ ਬੋਰੀ ਕਣਕ ਖ਼ਰਾਬ ਹੋ ਗਈ ਹੈ।