ਰੰਧਾਵਾ ਨੇ ਖੋਲ੍ਹਿਆ ਬਾਦਲਾਂ ਦੇ ਖ਼ਾਸ-ਮ-ਖ਼ਾਸ ਵਿਰੁੱਧ ਮੋਰਚਾ
ਏਬੀਪੀ ਸਾਂਝਾ | 02 May 2018 03:37 PM (IST)
ਚੰਡੀਗੜ੍ਹ: ਪੰਜਾਬ ਦੇ ਕੋਆਪਰੇਸ਼ਨ ਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਹਿਕਾਰੀ ਬੈਂਕਾਂ ਦੇ ਕਰਜ਼ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਤੇ ਉਨ੍ਹਾਂ ਦੇ ਹੁਕਮਾਂ ਦਾ ਸ਼ਿਕਾਰ ਬਾਦਲ ਪਰਿਵਾਰ ਦੇ ਖ਼ਾਸ-ਮ-ਖ਼ਾਸ ਦਿਆਲ ਸਿੰਘ ਕੋਲਿਆਂਵਾਲੀ ਵੀ ਹੋਣ ਜਾ ਰਹੇ ਹਨ। ਕੋਲਿਆਂਵਾਲੀ 'ਤੇ ਸਹਿਕਾਰੀ ਬੈਂਕ ਤੋਂ ਇੱਕ ਕਰੋੜ ਦਾ ਡੇਅਰੀ ਫਾਰਮਿੰਗ ਤੇ ਖੇਤੀਬਾੜੀ ਕਰਜ਼ ਵਾਪਸ ਨਾ ਕਰਨ ਦੇ ਇਲਜ਼ਾਮ ਹਨ। ਮੰਤਰੀ ਰੰਧਾਵਾ ਨੇ ਵਿਭਾਗ ਨੂੰ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਮੰਤਰੀ ਨੇ ਕਿਸਾਨਾਂ ਲਈ ਨਵੀਂ ਕਰਜ਼ ਮੁਆਫ਼ੀ ਸਕੀਮ ਦਾ ਐਲਾਨ ਵੀ ਕੀਤਾ ਹੈ। ਮੰਤਰੀ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦਾ ਤਿੰਨ ਹਜ਼ਾਰ ਰੁਪਏ ਦਾ ਕੋਆਪ੍ਰੇਟਿਵ ਬੈਂਕਾਂ ਤੋਂ ਲਿਆ ਕਰਜ਼ ਮੁਆਫ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬੈਂਕ ਮੈਨੇਜਰਾਂ ਤੇ ਸਿਆਸਤਦਾਨਾਂ ਦਾ ਜੰਜਾਲ ਤੋੜਿਆ ਜਾਵੇਗਾ ਤੇ ਹਰ ਮਹੀਨੇ 20 ਵੱਡੇ ਡਿਫਾਲਟਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਡਿਫਾਲਟਰ ਲਿਸਟ ਬਹੁਤ ਲੰਮੀ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਇਸ ਲਿਸਟ ਵਿੱਚ ਜ਼ਿਆਦਾਤਰ ਡਿਫਾਲਟਰ ਸਿਆਸੀ ਲੋਕ ਹੀ ਹਨ। ਰੰਧਾਵਾ ਨੇ ਬਿਨਾ ਕਿਸੇ ਬੈਂਕ ਦਾ ਨਾਂ ਲੈਂਦਿਆਂ ਕਿਹਾ ਕਿ ਕਿਹਾ ਕਿ ਗ਼ਲਤ ਤਰੀਕੇ ਨਾਲ ਜਾਰੀ ਕੀਤੇ ਕਰਜ਼ਿਆਂ ਕਾਰਨ ਪੰਜਾਬ ਨੂੰ 200 ਤੋਂ 300 ਕਰੋੜ ਤਕ ਦਾ ਚੂਨਾ ਲੱਗਿਆ ਹੈ। ਉਨ੍ਹਾਂ ਇੱਕ ਮਾਮਲੇ ਬਾਰੇ ਦੱਸਿਆ ਕਿ ਫ਼ਾਜ਼ਿਲਕਾ ਵਿੱਚ ਕਿਸੇ ਬੈਂਕ ਨੇ ਸਰਕਾਰੀ ਜ਼ਮੀਨ 'ਤੇ 80 ਕਰੋੜ ਦਾ ਬੇਨਾਮੀ ਕਰਜ਼ ਦੇ ਦਿੱਤਾ ਤੇ ਗੁਰਦਾਸਪੁਰ ਵਿੱਚ ਵੀ ਇਵੇਂ ਹੀ ਵੱਡੀ ਕਰਜ਼ ਰਕਮ ਜਾਰੀ ਕੀਤੀ ਗਈ ਸੀ। ਰੰਧਾਵਾ ਨੇ ਕਿਹਾ ਕਿ ਹੁਣ ਤੋਂ ਉਨ੍ਹਾਂ ਦੇ ਵਿਭਾਗ ਦੇ ਸਾਰੇ ਅਮਲੇ ਦੀ ਤਨਖ਼ਾਹ ਸਹਿਕਾਰੀ ਬੈਂਕਾਂ ਰਾਹੀਂ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਜੇਲ੍ਹਾਂ ਦੇ ਬਾਹਰ ਸਹਿਕਾਰੀ ਬੈਂਕਾਂ ਦੇ ਏਟੀਐਮ ਲਾਏ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਮਿਲਕਫੈੱਡ ਦੇ ਉਤਪਾਦਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਜ਼ਾਰ ਤਕ ਵੇਚੇ ਜਾਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦੀ ਗੱਲ ਕਹੀ ਹੈ।