ਚੰਡੀਗੜ੍ਹ: ਹਾਕਮ ਧਿਰ ਕਾਂਗਰਸ ਉੱਪਰ ਪੰਚਾਇਤੀ ਚੋਣਾਂ ਵਿੱਚ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਹਨ। ਚੋਣ ਕਮਿਸ਼ਨ ਕੋਲ ਸ਼ਿਕਾਇਤਾਂ ਪੁੱਜ ਰਹੀਆਂ ਹਨ ਕਿ ਕਾਂਗਰਸੀ ਲੀਡਰ ਵਿਰੋਧੀ ਉਮੀਦਵਾਰਾਂ ਖਿਲਾਫ ਐਨਓਸੀ ਦਾ ਹਥਿਆਰ ਵਰਤ ਰਹੇ ਹਨ। ਇਸ ਵਾਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਐਨਓਸੀ ਜ਼ਰੂਰੀ ਹੈ। ਕਾਂਗਰਸੀਆਂ ਵੱਲ਼ੋਂ ਅਫਸਰਾਂ ਰਾਹੀਂ ਐਨਓਸੀ ਵਿੱਚ ਅੜਿੱਕੇ ਡਾਹੇ ਜਾ ਰਹੇ ਹਨ।
ਚੋਣ ਕਮਿਸ਼ਨ ਕੋਲ ਪਹੁੰਚੀਆਂ ਸ਼ਿਕਾਇਤਾਂ ਮੁਤਾਬਕ ਵਿਰੋਧੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚੋਂ ਲਾਂਭੇ ਕਰਨ ਲਈ ਨਾਮਜ਼ਦਗੀ ਦਾਖਲ ਕਰਨ ਤੋਂ ਪਹਿਲਾਂ ਐਨਓਸੀ ਜਾਰੀ ਕਰਨ ਵਿੱਚ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ। ਇਲਜ਼ਾਮ ਹਨ ਕਿ ਹਾਕਮ ਧਿਰ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੇ ਇਸ਼ਾਰੇ ’ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਵੱਲੋਂ ਐਨਓਸੀ ਜਾਰੀ ਨਹੀਂ ਕੀਤੇ ਜਾ ਰਹੇ। ਉਂਝ ਧੱਕੇਸ਼ਾਹੀ ਦੇ ਖਤਰੇ ਨੂੰ ਦੇਖਦਿਆਂ ਚੋਣ ਕਮਿਸ਼ਨ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਉਮੀਦਵਾਰਾਂ ਵੱਲੋਂ ਹਲਫ਼ੀਆ ਬਿਆਨ ਵੀ ਦਿੱਤਾ ਜਾ ਸਕਦਾ ਹੈ।
ਉਧਰ, ਕਮਿਸ਼ਨ ਨੇ ਪ੍ਰਮੁੱਖ ਸਕੱਤਰ ਦਿਹਾਤੀ ਵਿਕਾਸ ਤੇ ਪੰਚਾਇਤ ਅਨੁਰਾਗ ਵਰਮਾ ਨੂੰ ਐਨਓਸੀ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਅਜਿਹੇ ਹੀ ਇੱਕ ਮਾਮਲੇ ਵਿੱਚ ਪੰਜਾਬ ਰਾਜ ਚੋਣ ਕਮਿਸ਼ਨ ਨੇ ਚੋਣਾਂ ਦੌਰਾਨ ਡਿਊਟੀ ਤੋਂ ਗੈਰਹਾਜ਼ਰ ਰਹਿਣ ਦੇ ਇਲਜ਼ਾਮ ਹੇਠ ਪਾਵਰਕੌਮ ਦੇ ਐਸਡੀਓ ਨਵਰੀਤ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਦੇ ਸਕੱਤਰ ਵੱਲੋਂ ਪ੍ਰਮੁੱਖ ਸਕੱਤਰ (ਬਿਜਲੀ) ਨੂੰ ਲਿਖੇ ਪੱਤਰ ਰਾਹੀਂ ਕਿਹਾ ਗਿਆ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜ਼ੋਨ 8 ਦੀਆਂ ਚੋਣਾਂ ਲਈ ਰਿਟਰਨਿੰਗ ਅਫ਼ਸਰ ਵੱਲੋਂ ਨਿਯੁਕਤ ਕੀਤਾ ਉਕਤ ਅਫ਼ਸਰ ਡਿਊਟੀ ’ਤੇ ਹੀ ਨਹੀਂ ਪੁੱਜਿਆ। ਕਮਿਸ਼ਨ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਪਾਵਰਕੌਮ ਦੇ ਇਸ ਅਫ਼ਸਰ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਲ੍ਹਾ ਤਰਨ ਤਾਰਨ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਣ ਦੀਆਂ ਸ਼ਿਕਾਇਤਾਂ ਵੀ ਕਮਿਸ਼ਨ ਨੂੰ ਮਿਲੀਆਂ ਹਨ। ਡੀਜੀਪੀ ਚੋਣਾਂ ਵਿਰੇਸ਼ ਕੁਮਾਰ ਭਾਵੜਾ ਨੇ ਦੱਸਿਆ ਕਿ ਨੌਸ਼ਿਹਰਾ ਪੰਨੂਆਂ ਤੋਂ ਅਜਿਹੀ ਸ਼ਿਕਾਇਤ ਮਿਲੀ ਸੀ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਦੀ ਮਦਦ ਨਾਲ ਸਬੰਧਤ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾ ਦਿੱਤੇ ਗਏ।
ਚੋਣ ਕਮਿਸ਼ਨ ਨੇ ਦੱਸਿਆ ਕਿ 13276 ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਪ੍ਰਕਿਰਿਆ ਨੇ ਤੇਜ਼ੀ ਫੜ ਲਈ ਹੈ ਤੇ 17 ਦਸੰਬਰ ਤੱਕ ਸਰਪੰਚਾਂ ਦੇ ਅਹੁਦਿਆਂ ਲਈ 2494 ਤੇ ਪੰਚਾਂ ਦੇ ਅਹੁਦਿਆਂ ਲਈ 5772 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਹਨ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਮਿਤੀ 19 ਦਸੰਬਰ ਹੈ।