ਚੰਡੀਗੜ੍ਹ: ਪੰਜਾਬ ਸਰਕਾਰ ਨੇ 15 ਦਸੰਬਰ ਤੱਕ ਪੰਚਾਇਤ ਚੋਣਾਂ ਕਰਾਉਣ ਦੀ ਤਿਆਰੀ ਖਿੱਚ ਲਈ ਹੈ। ਸਰਕਾਰ ਨੇ ਇਸ ਬਾਰੇ ਚੋਣ ਮਿਸ਼ਨ ਨੂੰ ਚਿੱਠੀ ਲਿਖ ਦਿੱਤੀ ਹੈ। ਇਸ ਦੇ ਨਾਲ ਹੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਹਰਕਤ ਵਿੱਚ ਆ ਗਿਆ ਹੈ। ਜੁਲਾਈ ਵਿੱਚ ਭੰਗ ਹੋਈਆਂ ਪੰਚਾਇਤਾਂ ਦੀ ਚੋਣ ਦਸੰਬਰ ਵਿੱਚ ਹਰ ਹਾਲਤ ਵਿੱਚ ਕਰਾਉਣੀ ਲਾਜ਼ਮੀ ਹੈ।
ਵਿਭਾਗ ਵੱਲੋਂ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਸਰਪੰਚਾਂ ਦੀ ਚੋਣ ਦੇ ਰਾਖਵੇਂਕਰਨ ਦਾ ਕੰਮ ਅੱਜ 15 ਨਵੰਬਰ ਤੱਕ ਮੁਕੰਮਲ ਕਰਕੇ ਨੋਟੀਫ਼ਿਕੇਸ਼ਨ ਜਾਰੀ ਕਰਨ ਲਈ ਆਖਿਆ ਹੈ। ਵਿਭਾਗੀ ਸੂਤਰਾਂ ਅਨੁਸਾਰ ਚੋਣ ਕਮਿਸ਼ਨ ਕਿਸੇ ਵੀ ਸਮੇਂ ਪੰਚਾਇਤ ਚੋਣਾਂ ਦਾ ਐਲਾਨ ਕਰ ਸਕਦਾ ਹੈ।
ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਅਨੁਰਾਗ ਵਰਮਾ ਨੇ ਦੱਸਿਆ ਕਿ ਪੰਚਾਇਤ ਵਿਭਾਗ ਪੰਚਾਇਤੀ ਚੋਣਾਂ ਕਰਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਵਿਭਾਗੀ ਕਾਰਵਾਈਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਚਾਇਤਾਂ ਜੁਲਾਈ ਵਿੱਚ ਭੰਗ ਕੀਤੀਆਂ ਗਈਆਂ ਸੀ। ਵਿਭਾਗ ਵੱਲੋਂ ਰਾਜ ਦੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 15 ਦਸੰਬਰ ਤੱਕ ਚੋਣਾਂ ਕਰਾਏ ਜਾਣ ਲਈ ਆਖ ਦਿੱਤਾ ਗਿਆ ਹੈ।