ਮਾਨਸਾ: ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਮਗਰੋਂ ਦਿੱਲੀ ਧਰਨੇ ਵਿੱਚ ਪਹੁੰਚ ਲਈ ਕਿਸਾਨਾਂ ਨੇ ਪਿੰਡਾਂ ਵਿੱਚ ਮਤੇ ਪਵਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਸ਼ੁਰਤਾਂ ਰੱਖ ਦਿੱਤੀਆਂ ਹਨ।ਪਿੰਡ ਸਿਰਸੀਵਾਲਾ ਜ਼ਿਲ੍ਹਾ ਮਾਨਸਾ ਵਿੱਚ ਵੀ ਪੰਚਾਇਤ ਨੇ ਮਤੇ ਪਾਏ ਅਤੇ ਲੋਕਾਂ ਦੀ ਸਹਿਮਤੀ ਮੰਗੀ। ਮਤੇ ਅਨੁਸਾਰ ਕਿਸਾਨ ਅੰਦੋਲਨ ਲਈ ਦਿੱਲੀ ਧਰਨੇ 'ਚ ਜਾਣਾ ਸਾਰਿਆਂ ਲਈ ਜ਼ਰੂਰੀ ਹੈ।ਉਗਰਾਹਾਂ ਜਥੇਬੰਦੀ ਦੀ ਹਾਜ਼ਰੀ ਵਿੱਚ ਮਤੇ ਦੀਆਂ ਸ਼ਰਤਾਂ ਵੀ ਪਿੰਡ ਵਾਸੀਆਂ ਅੱਗੇ ਰੱਖੀਆਂ ਗਈਆਂ ਹਨ। ਸ਼ਰਤਾਂ ਮੁਤਾਬਿਕ ਹਰ ਹਫ਼ਤੇ 10 ਆਦਮੀ ਧਰਨੇ ਵਿੱਚ ਜਾਣਗੇ।ਜੋ ਵਿਅਕਤੀ ਨਹੀਂ ਜਾਏਗਾ ਉਸ ਕੋਲੋਂ 300 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ 2400 ਰੁਪਏ ਜੁਰਮਾਨਾ ਵਸੂਲਿਆ ਜਾਏਗਾ।ਇਹ ਜੁਰਮਾਨਾ ਪਿੰਡ ਦੀ ਪੰਚਾਇਤ ਵਲੋਂ ਵਸੂਲ ਕੀਤਾ ਜਾਏਗਾ।
ਜੇ ਕੋਈ ਵਿਅਕਤੀ 8 ਦਿਨਾਂ ਤੋਂ ਪਹਿਲਾਂ ਵਾਪਿਸ ਆਏਗਾ ਤਾਂ ਪ੍ਰਤੀ ਦਿਨ 300 ਦੇ ਹਿਸਾਬ ਨਾਲ ਵਸੂਲਿਆ ਜਾਏਗਾ।ਜੇਕਰ ਕੋਈ ਧਰਨੇ ਵਿੱਚ ਸ਼ਰਾਰਤ ਜਾਂ ਗਲਤ ਪ੍ਰਚਾਰ ਕਰੇਗਾ ਤਾਂ ਉਸਨੂੰ 2100 ਰੁਪਏ ਜੁਰਮਾਨਾ ਲਾਇਆ ਜਾਏਗਾ।ਪਿੰਡ ਵਲੋਂ ਉਸ ਵਿਅਕਤੀ ਦਾ ਪੂਰਨ ਬਾਈਕਾਟ ਕੀਤਾ ਜਾਏਗਾ। ਇਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੇ ਕਿਸਾਨੀ ਮਸਲੇ ਵਿੱਚ ਉਸਦੀ ਮਦਦ ਵੀ ਨਹੀਂ ਕੀਤੀ ਜਾਏਗੀ।ਧਰਨੇ ਦੀ ਡਿਊਟੀ ਪੰਜ ਦਿਨ ਪਹਿਲਾਂ ਲਾਈ ਜਾਏਗੀ।ਇਸ ਵਿੱਚ ਕਿਸੇ ਦਾ ਕੋਈ ਬਹਾਨਾ ਨਹੀਂ ਚੱਲੇਗਾ।ਹਾਜ਼ਰੀ ਪਿੰਡੋਂ ਜਾਣ ਲੱਗੇ ਵੀ ਲੱਗੇਗੀ ਅਤੇ ਦਿੱਲੀ ਧਰਨੇ 'ਚ ਜਾ ਕੇ ਵੀ ਲੱਗੇਗੀ।ਵਾਪਸੀ ਤੇ ਵੀ ਹਾਜ਼ਰੀ ਲਵਾਏਗਾ। ਜੇ ਦੁਬਾਰਾ ਟਰੈਕਟਰ ਮਾਰਚ ਹੁੰਦਾ ਹੈ ਤਾਂ ਟਰੈਕਟਰ ਵੀ ਲੈ ਜਾਣੇ ਪੈਣਗੇ।ਜੇ ਪੈਦਲ ਮਾਰਚ ਜਾਂ ਕਿਸੇ ਹੋਰ ਪ੍ਰੋਗਰਾਮ 'ਚ ਕਿਸਾਨਾਂ ਦੀ ਲੋੜ ਪੈਂਦੀ ਹੈ ਤਾਂ ਪਿੰਡ ਵਿੱਚੋਂ 51 ਬੰਦੇ ਇਨ੍ਹਾਂ ਪ੍ਰੋਗਰਾਮਾਂ ਵਿੱਚ ਜਾਣਗੇ।ਇਹ 51 ਬੰਦੇ ਉਹ ਹੋਣਗੇ ਜੋ ਪਹਿਲਾਂ ਧਰਨੇ ਵਿੱਚ ਨਹੀਂ ਗਏ।