ਚੰਡੀਗੜ੍ਹ: ਪੰਥਕ ਅਸੈਂਬਲੀ ਸ਼੍ਰੋਮਣੀ ਅਕਾਲੀ ਦਲ ਦੀਆਂ ਮੁਸੀਬਤਾਂ ਵਿੱਚ ਵਾਧਾ ਕਰ ਸਕਦੀ ਹੈ। ਪੰਥਕ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਈ ਅਸੈਂਬਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਹੀ ਨਿਸ਼ਾਨੇ 'ਤੇ ਰਿਹਾ। ਇਸ ਦੋ ਰੋਜ਼ਾ ਅਸੈਂਬਲੀ ਵਿੱਚ ਅੱਜ ਵੱਡੇ ਫੈਸਲੇ ਲਏ ਜਾ ਸਕਦੇ ਹਨ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਧੱਕਾ ਲੱਗ ਸਕਦੇ ਹੈ। ਪੰਥਕ ਅਸੈਂਬਲੀ ਲਈ ਵਿਧਾਨ ਸਭਾ ਵਾਂਗ 117 ਮੈਂਬਰ ਨਾਮਜ਼ਦ ਕੀਤੇ ਗਏ ਹਨ। ਵਿਧਾਨ ਸਭਾ ਵਾਂਗ ਹੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਐਡਵੋਕੇਟ ਸੁਖਦੇਵ ਸਿੰਘ ਭੌਰ ਨੂੰ ਸਪੀਕਰ ਚੁਣਿਆ ਗਿਆ ਹੈ।


 

ਪੰਥਕ ਅਸੈਂਬਲੀ ਵਿੱਚ ਸਿੱਖ ਮਸਲਿਆਂ ’ਤੇ ਖਾਸਕਰ ਬਰਗਾੜੀ ਬੇਅਦਬੀ ਕਾਂਡ ਬਾਰੇ ਵਿਚਾਰ ਕਰਕੇ ਵਿਦਵਾਨਾਂ ਦੇ ਸੁਝਾਅ ਲਏ ਜਾ ਰਹੇ ਹਨ। ਸ਼ਨੀਵਾਰ ਨੂੰ ਅਸੈਂਬਲੀ ਦੇ ਪਹਿਲੇ ਦਿਨ ਜਿੱਥੇ ਵਿਦਵਾਨਾਂ ਨੇ ਸਿੱਖੀ ਨੂੰ ਖੋਰਾ ਲਾਉਣ ਲਈ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ, ਉੱਥੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੇ ਦੋਸ਼ ਵੀ ਲਾਏ।

ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬੇਅਦਬੀ ਬਾਰੇ ਜਿਨ੍ਹਾਂ ਨੇ ਕਮਿਸ਼ਨ ਬਣਾਏ, ਉਨ੍ਹਾਂ ਨੇ ਹੀ ਰਿਪੋਰਟਾਂ ਰੋਲ ਦਿੱਤੀਆਂ ਕਿਉਂਕਿ ਕਮਿਸ਼ਨ ਕਾਇਮ ਕਰਨ ਵਾਲਿਆਂ ਦੀ ਭਾਵਨਾ ਸਹੀ ਨਹੀਂ ਸੀ ਤੇ ਇਸ ਕਰਕੇ ਰਿਪੋਰਟਾਂ ਲਾਗੂ ਨਹੀਂ ਹੋਈਆਂ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਸਭ ਤੋਂ ਵੱਡਾ ਨੁਕਸਾਨ ਕੌਮ ਦਾ ਇਹ ਕੀਤਾ ਕਿ ਉਨ੍ਹਾਂ ਸਿੱਖਾਂ ਦੀ ਸੋਚ ਵਿੱਚੋਂ ਪੰਥ ਮਨਫ਼ੀ ਕਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਿੱਖ ਮਸਲਿਆਂ ਨੂੰ ਵਿਚਾਰਨ ਤੇ ਹੱਲ ਲਈ ਪੰਥਕ ਅਸੈਂਬਲੀ ਨੂੰ ਸਥਾਈ ਬਣਾਇਆ ਜਾਵੇ।

ਐਡਵੋਕੇਟ ਨਵਕਿਰਨ ਸਿੰਘ ਨੇ ਕਿਹਾ ਕਿ ਸਿੱਖੀ ਨੂੰ ਖੋਰਾ ਅਕਾਲੀਆਂ ਨੇ ਲਾਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਆਪਣੀ ਅਕਲ ਦੇ ਆਪ ਵੈਰੀ ਹਨ, ਜਿਹੜੇ ਬ੍ਰਾਹਮਣਵਾਦ, ਜਾਤਾਂ-ਪਾਤਾਂ ਦਾ ਸ਼ਿਕਾਰ ਹੋ ਕੇ ਸਿੱਖੀ ਨੂੰ ਤਿਲਾਂਜਲੀ ਦੇ ਰਹੇ ਹਨ। ਭਾਈ ਨਰਾਇਣ ਸਿੰਘ ਨੇ ਕਿਹਾ ਕਿ ਮੁੱਖ ਮੁੱਦਾ ਇਹ ਹੋਵੇ ਕਿ ਬੇਅਦਬੀ ਦੀਆਂ ਵਾਰਦਾਤਾਂ ਕਿਸ ਨੇ ਤੇ ਕਿਉਂ ਕੀਤੀਆਂ ਤੇ ਕਿਉਂ ਕਰਵਾਈਆਂ, ਬਾਰੇ ਨਿੱਠ ਕੇ ਵਿਚਾਰ ਹੋਵੇ।