ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਭਲਕੇ, ਯਾਨੀ 7 ਨਵੰਬਰ ਨੂੰ ਪਾਕਿਸਤਾਨ ਜਾਣਗੇ। ਯਾਦ ਰਹੇ 31 ਅਕਤੂਬਰ ਨੂੰ ਦਿੱਲੀ ਤੋਂ ਨਗਰ ਕੀਰਤਨ ਲੈ ਕੇ ਨਨਕਾਣਾ ਸਾਹਿਬ ਲਈ ਚੱਲੇ ਪਰਮਜੀਤ ਸਿੰਘ ਸਰਨਾ ਨੂੰ ਅਟਾਰੀ ਵਿਖੇ ਇਮੀਗ੍ਰੇਸ਼ਨ ਦੇ ਅਧਿਕਾਰੀਆਂ ਨੇ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਹਾਈਕੋਰਟ ਨੇ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਸੀ।


ਪਰਮਜੀਤ ਸਰਨਾ ਦੇ ਖਿਲਾਫ 2008 ‘ਚ ਦਰਜ ਹੋਏ ਕੇਸ ਦੀ ਕਲੀਅਰੈਂਸ ਨਾ ਹੋਣ ਕਾਰਨ ਇਮੀਗਰੇਸ਼ਨ ਅਧਿਕਾਰੀਆਂ ਨੇ ਸਰਨਾ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੀ, ਜਿਸ ਕਾਰਨ ਪਰਮਜੀਤ ਸਿੰਘ ਸਰਨਾ ਨੂੰ ਬੇਰੰਗ ਅਟਾਰੀ ਤੋਂ ਵਾਪਸ ਪਰਤਣਾ ਪਿਆ। ਇਸ ਤੋਂ ਬਾਅਦ ਪਰਮਜੀਤ ਸਿੰਘ ਸਰਨਾ ਕਾਫੀ ਤਲਖੀ 'ਚ ਦਿੱਖੇ ਅਤੇ ਉਨ੍ਹਾਂ ਨੇ ਬਾਦਲਾਂ ਖਿਲਾਫ ਰੱਜ ਕੇ ਭੜਾਸ ਕੱਢੀ ਤੇ ਤਲਖੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮੋਦੀ ਨੂੰ ਕੇਦਾਰਨਾਥ ਜਾਣ ਤੋਂ ਰੋਕਿਆ ਜਾਵੇ ਤਾਂ ਫਿਰ ਉਹ ਅਤੇ ਅਮਿਤ ਸ਼ਾਹ ਕਿਵੇਂ ਅਪੀਲ ਕਰਨਗੇ।