ਰਮਨਦੀਪ ਕੌਰ


ਏਬੀਪੀ ਸਾਂਝਾ ਖਾਸ: ਇਤਿਹਾਸਕ ਪੰਨਿਆ 'ਤੇ ਸੁਨਹਿਰੀ ਯਾਦ ਬਣ ਉੱਕਰੇਗਾ 2019 ਦਾ ਵਰ੍ਹਾ। ਇਹ ਉਹ ਸਾਲ ਹੈ ਜਦੋਂ ਕਰੀਬ 70 ਸਾਲ ਤੋਂ ਵਿੱਛੜੇ ਦੋ ਮੁਲਕਾਂ 'ਚ ਭਾਈਚਾਰਕ ਸਾਂਝ ਦੀ ਪਹਿਲੀ ਉਮੀਦ ਨੂੰ ਬੂਰ ਪਿਆ ਹੈ। ਇਹ ਦੋ ਮੁਲਕ ਹਨ ਹਿੰਦੋਸਤਾਨ ਤੇ ਪਾਕਿਸਤਾਨ ਜੋ ਅਕਸਰ ਇੱਕ-ਦੂਜੇ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਦੇ ਹਨ। ਇੱਕ-ਦੂਜੇ ਨੂੰ ਕੌੜੀਆਂ ਨਜ਼ਰਾਂ ਨਾਲ ਤੱਕਣ ਵਾਲੇ ਇਨ੍ਹਾਂ ਦੋਵਾਂ ਦੇਸ਼ਾਂ 'ਚ ਜੋ ਸਾਂਝ ਪੈਣ ਜਾ ਰਹੀ ਹੈ, ਉਸ ਲਈ ਸਰਵ ਸਾਂਝੀਵਾਲਤਾ ਦੇ ਪੀਰ ਬਾਬੇ ਨਾਨਕ ਨੇ ਆਪ ਮਿਹਰ ਕੀਤੀ ਹੈ।






9 ਨਵੰਬਰ, 2019 ਨੂੰ ਭਾਰਤ ਤੇ ਪਾਕਿਸਤਾਨ ਵੱਲੋਂ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਸੰਨ 1947 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਭਾਰਤ ਵਾਲੇ ਪਾਸਿਓਂ ਸਰਹੱਦ ਪਾਰ ਕਰਕੇ ਪਾਕਿਸਤਾਨ ਵਾਲੇ ਪਾਸੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸ਼ਰਧਾਲੂ ਜਾਣਗੇ।

ਭਾਰਤ-ਪਾਕਿਸਤਾਨ ਵੰਡ ਸਮੇਂ ਜਿੱਥੇ ਕਈਆਂ ਦੇ ਆਪਣੇ ਵਿੱਛੜੇ ਉੱਥੇ ਹੀ ਬਹੁਤ ਸਾਰੇ ਗੁਰਧਾਮ ਪਾਕਿਸਤਾਨ ਵਾਲੇ ਪਾਸੇ ਰਹਿ ਗਏ ਜਿਵੇਂ ਕਿ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ। ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਭਾਰਤੀ ਹੱਦ ਤੋਂ ਕਰੀਬ ਸਾਢੇ ਚਾਰ ਕਿਲੋਮੀਟਰ ਦੀ ਦੂਰੀ 'ਤੇ ਪਾਕਿਸਤਾਨ ਵਾਲੇ ਪਾਸੇ ਸਥਿਤ ਹੈ। ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਲਈ ਚਿਰਾਂ ਤੋਂ ਸਿੱਖ ਸੰਗਤ ਵੱਲੋਂ ਅਰਦਾਸ ਕੀਤੀ ਜਾ ਰਹੀ ਸੀ।





ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦੀ ਮੰਗ ਲਈ ਸਿੱਖ ਸੰਗਤ ਵੱਲੋਂ ਸਰਹੱਦ 'ਤੇ ਬਣੇ ਕਰਤਾਰਪੁਰ ਸਾਹਿਬ ਦਰਸ਼ਨ ਅਸਥਾਨ 'ਤੇ ਪਹੁੰਚ ਕੇ ਅਰਦਾਸ ਕੀਤੀ ਜਾਂਦੀ ਰਹੀ ਹੈ। ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਵੱਲੋਂ 13 ਅਪ੍ਰੈਲ, 2001 ਦੀ ਵਿਸਾਖੀ ਤੋਂ ਸਿੱਖ ਸੰਗਤ ਨਾਲ ਲਾਂਘਾ ਖੋਲ੍ਹਣ ਦੀ ਅਰਦਾਸ ਕਰਨ ਦੀ ਸ਼ੁਰੂਆਤ ਕੀਤੀ ਗਈ।


ਕਰਤਾਰਪੁਰ ਸਾਹਿਬ ਦਾ ਇਤਿਹਾਸ:


ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਾਲੇ ਪਾਸੇ ਜ਼ਿਲ੍ਹਾ ਨਾਰੋਵਾਲ 'ਚ ਸਥਿਤ ਹੈ, ਜੋ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਬਾਬੇ ਨਾਨਕ ਨੇ ਆਪਣੀ ਜ਼ਿੰਦਗੀ ਦਾ 17 ਸਾਲ ਤੋਂ ਵੱਧ ਸਮਾਂ ਬਿਤਾਇਆ। ਗੁਰੂ ਨਾਨਕ ਦੇਵ ਜੀ ਨੇ 1521 ਈ: 'ਚ ਕਰਤਾਰਪੁਰ ਨਗਰ ਵਸਾਇਆ। ਗੁਰੂ ਨਾਨਕ ਦੇਵ ਜੀ ਇੱਥੇ ਖੇਤੀ ਕਰਿਆ ਕਰਦੇ ਸਨ।
ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ 'ਤੇ ਹੀ ਸੌਂਪੀ ਗਈ ਸੀ, ਭਾਈ ਲਹਿਣਾ ਜੀ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸੇ ਅਸਥਾਨ 'ਤੇ ਹੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਤੇ ਵੰਡ ਸ਼ਕੋ ਦਾ ਸੰਦੇਸ਼ ਦਿੱਤਾ ਸੀ। ਆਖ਼ਰ 'ਚ 1539ਈ: ਨੂੰ ਗੁਰੂ ਨਾਨਕ ਦੇਵ ਜੀ ਇਸੇ ਸਥਾਨ 'ਤੇ ਹੀ ਜਯੋਤੀ ਜੋਤਿ ਸਮਾਏ ਸਨ।

ਲਾਂਘੇ ਦਾ ਇਤਿਹਾਸ

18 ਅਗਸਤ, 2018 ਨੂੰ ਪਾਕਿਸਤਾਨ ਦੇ ਵਜ਼ੀਰ-ਏ-ਆਲਮ ਇਮਰਾਨ ਖ਼ਾਨ ਦਾ ਸਹੁੰ ਚੁੱਕ ਸਮਾਗਮ ਸੀ। ਇਸ ਖ਼ਾਸ ਮੌਕੇ ਲਈ ਇਮਰਾਨ ਖ਼ਾਨ ਵੱਲੋਂ ਆਪਣੇ ਯਾਰ ਨਵਜੋਤ ਸਿੱਧੂ ਨੂੰ ਉਚੇਚੇ ਤੌਰ 'ਤੇ ਨਿਓਤਾ ਦਿੱਤਾ ਗਿਆ ਸੀ ਤੇ ਸਿੱਧੂ ਵੀ ਪੂਰੇ ਚਾਅ ਨਾਲ ਇਸ ਸਹੁੰ ਚੁੱਕ ਸਮਾਗਮ 'ਚ ਪਹੁੰਚੇ। ਇਸ ਦਿਨ ਹੀ ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨੂੰ ਜੱਫੀ ਪਾਈ ਗਈ ਜੋ ਭਾਰਤੀ ਸਿਆਸਤ 'ਚ ਭਖਦਾ ਮਸਲਾ ਬਣਿਆ।









ਨਵਜੋਤ ਸਿੱਧੂ ਨੂੰ ਦੇਸ਼ ਦਾ ਗੱਦਾਰ ਕਰਾਰ ਦਿੱਤਾ ਗਿਆ। ਚੁਫੇਰਿਓਂ ਤੋਹਮਤਾ ਦਾ ਸਾਹਮਣਾ ਕਰਨਾ ਪਿਆ। ਨਵਜੋਤ ਸਿੱਧੂ ਨੇ ਇਨ੍ਹਾਂ ਤੋਹਮਤਾ ਦਾ ਅਜਿਹਾ ਜਵਾਬ ਦਿੱਤਾ ਕਿ ਕਿਸੇ ਨੂੰ ਉਨ੍ਹਾਂ ਦੀ ਗੱਲ 'ਤੇ ਰੱਤੀ ਭਰ ਵੀ ਯਕੀਨ ਨਾ ਆਇਆ।






ਨਵਜੋਤ ਸਿੱਧੂ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਪਾਕਿ ਦੇ ਫੌਜ ਮੁਖੀ ਜਨਰਲ ਬਾਜਵਾ ਨੇ ਉਨ੍ਹਾਂ ਨੂੰ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਗੱਲ ਆਖੀ ਸੀ ਜਿਸ 'ਤੇ ਭਾਵੁਕਤਾ 'ਚ ਇਹ ਗਲਵੱਕੜੀ ਪਾਈ ਗਈ। ਪਰ ਦੋ ਦੁਸ਼ਮਨ ਦੇਸ਼ਾਂ ਵਿਚਾਲੇ ਲਾਂਘਾ ਖੋਲ੍ਹਣ ਦੀ ਗੱਲ ਕਿਸੇ ਦੇ ਵੀ ਗਲੇ 'ਚੋਂ ਨਾ ਉੱਤਰੀ ਕਿਉਂਕਿ ਭਾਰਤ-ਪਾਕਿਸਤਾਨ 'ਚ ਅਕਸਰ ਤਣਾਅ ਬਣਿਆ ਰਹਿੰਦਾ। ਨਵਜੋਤ ਸਿੱਧੂ ਨੂੰ ਝੂਠਾ ਵੀ ਆਖਿਆ ਗਿਆ ਪਰ ਸਿੱਧੂ ਆਪਣੀ ਗੱਲ 'ਤੇ ਡਟੇ ਰਹੇ।

ਸਿੱਧੂ ਦੀ ਜੱਫੀ ਦਾ ਮੁੱਦਾ ਏਨਾ ਭਖਿਆ ਕਿ ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਉਸਦੀ ਭੰਡੀ ਕਰਨੀ ਹੀ ਸੀ ਸਿੱਧੂ ਦੀ ਆਪਣੀ ਪਾਰਟੀ ਕਾਂਗਰਸ ਵੱਲੋਂ ਵੀ ਉਸਦਾ ਵਿਰੋਧ ਕੀਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਿੱਧੂ ਦੇ ਖਿਲਾਫ਼ ਨਿੱਤਰੇ।







ਸਿਆਸਤ ਦਾ ਦੌਰ ਜਾਰੀ ਰਿਹਾ, ਨਫ਼ਰਤ ਦਾ ਆਲਮ ਜਾਰੀ ਰਿਹਾ, ਸਿੱਧੂ ਦੀ ਲਗਾਤਾਰ ਖ਼ਿਲਾਫ਼ਤ ਹੋ ਰਹੀ ਸੀ ਤੇ ਇਸ ਸਭ ਦਰਮਿਆਨ 7 ਸਤੰਬਰ, 2018 ਨੂੰ ਨਵਜੋਤ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਆਪਣੇ ਵਾਲੇ ਪਾਸੇ ਲਾਂਘਾ ਖੋਲ੍ਹਣ ਲਈ ਤਿਆਰ ਹੈ। ਅਜਿਹੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਧੂ ਦੀਆਂ ਗੱਲਾਂ 'ਤੇ ਯਕੀਨ ਕਰ ਚੁੱਕੀ ਸੀ ਤੇ ਐਸਜੀਪੀਸੀ ਨੇ ਵੀ ਸਾਕਾਰਾਤਮਕ ਕਦਮ ਵਧਾਏ।

ਅਕਤੂਬਰ, 2018 'ਚ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਾਕਿਸਤਾਨ ਕੋਲ ਲਾਂਘਾ ਖੋਲ੍ਹਣ ਦੀ ਅਪੀਲ ਲਈ ਆਪਣਾ ਵਫ਼ਦ ਭੇਜਣ ਦੀ ਗੱਲ ਆਖੀ ਸੀ। ਨਵੰਬਰ ਮਹੀਨੇ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਤਕ ਪਹੁੰਚ ਕੀਤੀ ਜਿਸ ਦੌਰਾਨ ਮੋਦੀ ਸਰਕਾਰ ਵੱਲੋਂ ਭਰੋਸਾ ਦੁਆਇਆ ਗਿਆ ਕਿ ਲਾਂਘਾ ਖੋਲ੍ਹਣ ਬਾਬਤ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਹਾਲਾਂਕਿ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਚਿਰਾਂ ਤੋਂ ਅਰਦਾਸਾਂ ਹੋ ਰਹੀਆਂ ਸਨ ਪਰ ਨਵਜੋਤ ਸਿੱਧੂ ਦੀ ਜੱਫੀ ਦਾ ਵਿਵਾਦ ਭਖਣ ਤੋਂ ਬਾਅਦ ਲਾਂਘਾ ਖੁੱਲ੍ਹਣ ਦਾ ਮੁੱਦਾ ਵੀ ਭਖ ਚੁੱਕਿਆ ਸੀ।







ਨਵੰਬਰ 2018 'ਚ ਕੈਪਟਨ ਅਮਰਿੰਦਰ ਸਿੰਘ ਨੇ ਸੁਸ਼ਮਾ ਸਵਰਾਜ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਚਿੱਠੀ ਲਿਖੀ। ਇਸ ਸਭ ਦਰਮਿਆਨ 21 ਨਵੰਬਰ, 2018 ਨੂੰ ਇਹ ਗੱਲ ਨਸ਼ਰ ਹੋਈ ਕਿ ਪਾਕਿਸਤਾਨ ਨੇ ਆਪਣੇ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘਾ ਇਕਤਰਫਾ ਤੌਰ 'ਤੇ ਬਣਾਉਣ ਦਾ ਫੈਸਲਾ ਕਰ ਲਿਆ ਹੈ ਤੇ ਅਗਲੇ ਹਫ਼ਤੇ ਇਮਰਾਨ ਖਾਨ ਲਾਂਘੇ ਦਾ ਨੀਂਹ ਪੱਥਰ ਰੱਖਣਗੇ।




22 ਨਵੰਬਰ, 2018 ਨੂੰ ਕੇਂਦਰੀ ਕੈਬਨਿਟ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਮਤਾ ਪ੍ਰਵਾਨ  ਕਰ ਲਿਆ ਗਿਆ। ਇਸ ਦਰਮਿਆਨ ਹੀ 22 ਨਵੰਬਰ, 2018 ਦੀ ਸ਼ਾਮ ਨੂੰ ਪਾਕਿਸਤਾਨ ਸਰਕਾਰ ਦੇ ਵਿਦੇਸ਼ ਮਾਮਲਿਆਂ ਦੇ ਵਜ਼ੀਰ ਸ਼ਾਹ ਮਹਿਮੂਦ ਕੁਰੈਸ਼ੀ ਨੇ 28 ਨਵੰਬਰ ਨੂੰ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਣ ਬਾਰੇ ਐਲਾਨ ਕੀਤਾ। ਇੱਧਰ ਮੌਕਾ ਸਾਂਭਦਿਆਂ ਭਾਰਤ ਨੇ ਵੀ 22 ਨਵੰਬਰ, 2018 ਨੂੰ ਹੀ ਆਪਣੇ ਵਾਲੇ ਪਾਸੇ ਦਾ ਲਾਂਘਾ ਬਣਾਉਣ ਲਈ 26 ਨਵੰਬਰ ਨੂੰ ਨੀਂਹ ਪੱਥਰ ਰੱਖਣ ਬਾਰੇ ਐਲਾਨ ਕੀਤਾ। ਦੋਵੇਂ ਦੇਸ਼ ਲਾਂਘੇ ਲਈ ਕਦਮ ਵਧਾ ਚੁੱਕੇ ਸਨ। ਇਸ ਦੌਰਾਨ ਹੀ 23 ਨਵੰਬਰ, 2018 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਭਰੋਸਾ ਜਤਾਇਆ ਕਿ ਲਾਂਘਾ ਲੋਕਾਂ ਨੂੰ ਆਪਸ ਜੋੜਨ ਦਾ ਕੰਮ ਕਰੇਗਾ।






ਜਿੱਥੇ ਪਹਿਲਾਂ ਨਵਜੋਤ ਸਿੱਧੂ ਦੀਆਂ ਗੱਲਾਂ 'ਤੇ ਕੋਈ ਯਕੀਨ ਨਹੀਂ ਕਰ ਰਿਹਾ ਸੀ ਉਥੇ ਹੀ ਹੁਣ ਹਰ ਕਿਸੇ ਦੀ ਜ਼ੁਬਾਨ 'ਤੇ ਗੱਲ ਲਾਂਘੇ ਦੀ ਸੀ। ਵੱਡਾ ਇਤਿਹਾਸਕ ਕਦਮ ਸੀ ਜੋ ਭਾਰਤ ਤੇ ਪਾਕਿਸਤਾਨ ਵੱਲੋਂ ਚੁੱਕਿਆ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਲਾਂਘਾ ਖੋਲ੍ਹਣ ਬਾਬਤ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਹੋਈ ਸੀ ਪਰ ਸਹਿਮਤੀ ਨਹੀਂ ਬਣ ਸਕੀ। ਸਾਲ 2004-05 ਦਰਮਿਆਨ ਜਦੋਂ ਡਾ.ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਪ੍ਰਣਬ ਮੁਖਰਜੀ ਵਿਦੇਸ਼ ਮੰਤਰੀ ਸਨ ਤਾਂ ਉਦੋਂ ਵੀ ਇਹ ਮੁੱਦਾ ਚੁੱਕਿਆ ਗਿਆ ਪਰ ਪਾਕਿਸਤਾਨ ਲਾਂਘੇ ਦੇ ਪੱਖ 'ਚ ਨਹੀਂ ਸੀ। ਪਰ ਇਸ ਵਾਰ ਪਹਿਲ ਪਾਕਿਸਤਾਨ ਵੱਲੋਂ ਹੀ ਕੀਤੀ ਗਈ ਸੀ।

26 ਨਵੰਬਰ, 2018 ਨੂੰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਦੇਸ਼ ਦੇ ਉੱਪ ਰਾਸ਼ਟਰਪਤੀ ਐਮ ਵੈਂਕੱਈਆ ਨਾਇਡੂ ਨੇ ਆਪਣੇ ਹੱਥੀ ਨੀਂਹ ਪੱਥਰ ਰੱਖਿਆ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੇਂਦਰੀ ਮੰਤਰੀ ਹਰਸਮਿਰਤ ਬਾਦਲ ਤੇ ਹੋਰ ਸਿਆਸੀ ਸਖ਼ਸ਼ੀਅਤਾਂ ਹਾਜ਼ਰ ਰਹੀਆਂ।







ਸ਼੍ਰੋਮਣੀ ਅਕਾਲੀ ਦਲ ਲਾਂਘੇ ਦਾ ਕ੍ਰੈਡਿਟ ਆਪਣੇ ਸਿਰ ਲੈਣ ਲਈ ਯਤਨਸ਼ੀਲ ਸੀ। ਇਕ ਪਾਸੇ ਸਿਆਸੀ ਹਸਤੀਆਂ ਅਜੇ ਵੀ ਕ੍ਰੈਡਿਟ ਹੋੜ 'ਚ ਸਨ ਤੇ ਦੂਜੇ ਪਾਸੇ ਇਸ ਲਾਂਘੇ ਲਈ ਸਬੱਬ ਬਣੇ ਸਿੱਧੂ ਉਦਘਾਟਨ ਸਮਾਰੋਹ 'ਚ ਨਹੀਂ ਗਏ ਉਹ ਡੇਰਾ ਬਾਬਾ ਨਾਨਕ ਵਿਖੇ ਹੀ ਅਰਦਾਸ ਕਰਨ ਪਹੁੰਚੇ ਤੇ ਉੱਥੋਂ ਹੀ ਵਾਪਸ ਪਰਤ ਗਏ।

ਪਾਕਿਸਤਾਨ ਵੱਲੋਂ 28 ਨਵੰਬਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਖ਼ਾਸ ਮੌਕੇ ਲਈ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਮੁੜ ਤੋਂ ਨਵਜੋਤ ਸਿੱਧੂ ਨੂੰ ਨਿਓਤਾ ਭੇਜਿਆ ਗਿਆ ਤੇ ਸਿੱਧੂ ਪੂਰੇ ਚਾਵਾਂ ਨਾਲ ਪਾਕਿਸਤਾਨ ਗਏ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਬਾਦਲ, ਕੇਂਦਰੀ ਮੰਤਰੀ ਹਰਦੀਪ ਪੁਰੀ ਇਸ ਇਤਿਹਾਸਕ ਘੜੀ ਦੇ ਗਵਾਹ ਬਣੇ। ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਔਜਲਾ 'ਹਰਿ ਕੀ ਪੌੜੀ' ਦਾ ਜਲ ਇਸ ਖ਼ਾਸ ਮੌਕੇ ਲਈ ਲੈਕੇ ਗਏ।







ਲਾਂਘੇ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਸੀ ਹਰ ਕਿਸੇ ਦੀ ਜ਼ੁਬਾਨ 'ਤੇ ਨਾਂਅ ਸਿੱਧੂ ਦਾ ਸੀ ਕਿ ਸਿੱਧੂ ਹੀ ਲਾਂਘਾ ਖੋਲ੍ਹਣ ਦਾ ਸਬੱਬ ਬਣੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਗੱਲ ਹਜ਼ਮ ਨਹੀਂ ਸੀ ਹੋ ਰਹੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲਾਂਘੇ ਦਾ ਸਾਰਾ ਕ੍ਰੈਡਿਟ ਆਪਣੀ ਨੂੰਹ ਹਰਸਿਮਰਤ ਬਾਦਲ ਨੂੰ ਦਿੱਤਾ।







ਲਾਂਘੇ 'ਤੇ ਕ੍ਰੈਡਿਟ ਵਾਰ ਨਾਲ-ਨਾਲ ਚੱਲਦੀ ਗਈ ਪਰ ਇਸ ਸਭ ਦਰਮਿਆਨ ਹੀ ਸ਼ੁਰੂ ਹੋ ਚੁੱਕਾ ਸੀ ਹਿੰਦੋਸਤਾਨ ਤੇ ਪਾਕਿਸਤਾਨ ਵਿਚਾਲੇ ਸਾਂਝ ਦੀ ਉਮੀਦ ਕਰਤਰਾਪੁਰ ਲਾਂਘੇ ਦਾ ਨਿਰਮਾਣ ਕਾਰਜ। ਲਾਂਘੇ ਸਬੰਧੀ ਸਮੇਂ-ਸਮੇਂ 'ਤੇ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਕਈ ਵਾਰ ਮੀਟਿੰਗਾਂ ਹੁੰਦੀਆ ਰਹੀਆਂ ਤੇ ਆਖਿਰ 24 ਅਕਤਬੂਰ, 2019 ਨੂੰ ਦੋਵਾਂ ਦੇਸ਼ਾਂ ਦੇ ਉੱਚ ਅਧਿਕਾਰੀਆਂ ਵੱਲੋਂ ਲਾਂਘੇ ਦੇ ਇਕਰਾਰਨਾਮੇ 'ਤੇ ਹਸਤਾਖ਼ਰ ਕੀਤੇ ਗਏ। ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਇਨ 'ਤੇ ਇਹ ਰਸਮ ਨਿਭਾਈ ਗਈ।







ਇਕਰਾਰਨਾਮੇ ਤਹਿਤ ਲਾਂਘੇ ਦੀ ਸ਼ਰਤਾਂ ਕੁਝ ਇਸ ਤਰ੍ਹਾਂ ਸਨ:

ਭਾਰਤ ਵਾਲੇ ਪਾਸਿਓਂ ਹਰ ਧਰਮ ਦਾ ਸ਼ਰਧਾਲੂ ਦਰਸ਼ਨਾਂ ਲਈ ਜਾ ਸਕੇਗਾ
ਲਾਂਘੇ ਰਾਹੀਂ ਯਾਤਰਾ ਬਿਨਾਂ ਵੀਜ਼ਾ ਹੋਵੇਗੀ
ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਦਸਤਾਵੇਜ਼ ਹੋਵੇਗਾ
ਦੂਜੇ ਦੇਸ਼ਾਂ 'ਚ ਵੱਸੇ ਭਾਰਤੀ ਮੂਲ ਦੇ ਲੋਕਾਂ ਲਈ ਪਾਸਪੋਰਟ ਦੇ ਨਾਲ OCI ਕਾਰਡ ਲਿਜਾਣਾ ਜ਼ਰੂਰੀ ਹੋਵੇਗਾ
ਕੌਰੀਡੋਰ ਰੋਜ਼ਾਨਾ ਸਵੇਰ ਤੋਂ ਸ਼ਾਮ ਤਕ ਖੁੱਲ੍ਹਾ ਰਹੇਗਾ
ਸ਼ਰਧਾਲੂ ਨੂੰ ਸਵੇਰ ਵੇਲੇ ਜਾਕੇ ਉਸੇ ਦਿਨ ਸ਼ਾਮ ਤਕ ਵਾਪਸ ਆਉਣਾ ਪਵੇਗਾ
ਕੋਈ ਵੀ ਸ਼ਰਧਾਲੂ ਪਾਕਿਸਤਾਨ ਵਾਲੇ ਪਾਸੇ ਰਾਤ ਨਹੀਂ ਠਹਿਰ ਸਕੇਗਾ
ਸਿਰਫ਼ ਕੁਝ ਦਿਨਾਂ ਨੂੰ ਛੱਡ ਕੇ ਕੌਰੀਡੋਰ ਪੂਰਾ ਸਾਲ ਖੁੱਲ੍ਹਾ ਰਹੇਗਾ
ਸ਼ਰਧਾਲੂ ਦਰਸ਼ਨਾਂ ਲਈ ਇਕੱਲੇ ਜਾਂ ਜਥੇ ਨਾਲ ਜਾ ਸਕਦੇ ਹਨ
ਸ਼ਰਧਾਲੂ ਭਾਰਤ ਵਾਲੇ ਪਾਸਿਓਂ ਪੈਦਲ ਯਾਤਰਾ ਲਈ ਜਾ ਸਕਦੇ ਹਨ
ਭਾਰਤ 10 ਦਿਨ ਪਹਿਲਾਂ ਪਾਕਿਸਤਾਨ ਨੂੰ ਸ਼ਰਧਾਲੂਆਂ ਦੀ ਸੂਚੀ ਭੇਜਿਆ ਕਰੇਗਾ
ਸ਼ਰਧਾਲੂਆਂ ਨੂੰ ਭਾਰਤ ਸਰਕਾਰ ਵੱਲੋਂ SMS ਜਾਂ ਈਮੇਲ ਰਾਹੀਂ ਯਾਤਰਾ ਤੋਂ 3-4 ਦਿਨ ਪਹਿਲਾਂ ਕਨਫਰਮੇਸ਼ਨ ਭੇਜੀ ਜਾਵੇਗੀ
ਪਾਕਿਸਤਾਨ ਵੱਲੋਂ ਗੁਰਦੁਆਰੇ 'ਚ ਸੰਗਤ ਲਈ ਪ੍ਰਸਾਦ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ
ਪਾਕਿ ਜਾਣ ਵਾਲੇ ਪ੍ਰਤੀ ਸ਼ਰਧਾਲੂ ਤੋਂ 20 ਡਾਲਰ ਫੀਸ ਲਈ ਜਾਵੇਗੀ



ਭਾਰਤ ਵਾਲੇ ਪਾਸੇ 20 ਡਾਲਰ ਫੀਸ ਦਾ ਤਿੱਖਾ ਵਿਰੋਧ ਹੋਇਆ ਤੇ ਇਸ ਕਾਰਨ ਇਮਰਾਨ ਖ਼ਾਨ ਦੀ ਖਿਲਾਫ਼ਤ ਵੀ ਹੋਈ ਪਰ ਪਾਕਿਸਤਾਨ ਨੇ ਇਸਨੂੰ ਸਰਵਿਸ ਟੈਕਸ ਕਰਾਰ ਦਿੱਤਾ ਜਦਕਿ ਭਾਰਤ ਵਾਲੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵੱਲੋਂ 20 ਡਾਲਰ ਫੀਸ ਨੂੰ ਜਜ਼ੀਆ ਟੈਕਸ ਕਰਾਰ ਦਿੱਤਾ ਗਿਆ। ਭਾਰਤ 'ਚ 20 ਡਾਲਰ ਫੀਸ ਦਾ ਵਿਰੋਧ ਹੁੰਦਾ ਰਿਹਾ ਪਰ ਪਾਕਿਸਤਾਨ ਆਪਣੇ ਇਸ ਫੈਸਲੇ 'ਤੇ ਅਟਲ ਸੀ। ਲਾਂਘੇ ਦੇ ਇਕਰਾਰਨਾਮੇ 'ਚ 20 ਡਾਲਰ ਫੀਸ ਦੇ ਮਾਮਲੇ 'ਚ ਸੋਧ ਦਾ ਪ੍ਰਸਤਾਵ ਰੱਖਿਆ ਗਿਆ ਸੀ। 20 ਡਾਲਰ ਫੀਸ ਦੇ ਫੈਸਲੇ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰੱਜ ਕੇ ਨਿਖੇਧੀ ਕੀਤੀ ਗਈ ਪਰ ਇਮਰਾਨ ਖ਼ਾਨ ਨੇ ਅਚਾਨਕ ਇਕ ਅਜਿਹਾ ਐਲਾਨ ਕੀਤਾ ਕਿ ਉਹ ਫਿਰ ਸਭ ਦੇ ਦਿਲਾਂ 'ਚ ਘਰ ਕਰ ਗਏ।






ਪਾਕਿਸਤਾਨ ਵਾਲੇ ਪਾਸੇ ਲਾਂਘੇ ਰਾਹੀਂ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਸਭ ਤੋਂ ਔਖੀ ਸ਼ਰਤ ਸੀ ਪਾਸਪੋਰਟ, ਕਿਉਂਕਿ ਹਰ ਇਕ ਕੋਲ ਇਹ ਦਸਤਾਵੇਜ਼ ਹੋਵੇ ਜ਼ਰੂਰੀ ਨਹੀਂ, ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰਦਿਆਂ ਐਲਾਨ ਕੀਤਾ ਕਿ ਭਾਰਤ ਵੱਲੋਂ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਦੋ ਸ਼ਰਤਾਂ ਤੋਂ ਰਾਹਤ ਦਿੱਤੀ ਜਾਂਦੀ ਐ ਇਨ੍ਹਾਂ 'ਚੋਂ ਪਹਿਲੀ ਐ ਕਿ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ ਤੇ ਨਾ ਹੀ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਾਉਣਾ ਲਾਜ਼ਮੀ ਹੋਵੇਗਾ।







ਹਿੰਦੋਸਤਾਨ ਤੇ ਪਾਕਿਸਤਾਨ ਦੋਵਾਂ ਮੁਲਕਾਂ ਵੱਲੋਂ ਲਾਂਘੇ ਦੇ ਉਦਘਾਟਨ ਲਈ 9 ਨਵੰਬਰ ਤਾਰੀਖ਼ ਮੁਕੱਰਰ ਕੀਤੀ ਗਈ। ਲਾਂਘਾ ਖੁੱਲ੍ਹਣ 'ਚ ਕੁਝ ਹੀ ਦਿਨ ਬਾਕੀ ਹਨ ਜਦੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਮੇਲ ਹੋਵੇਗਾ। ਪਾਕਿਸਤਾਨ ਵੱਲੋਂ ਨਵਜੋਤ ਸਿੱਧੂ ਨੂੰ ਖ਼ਾਸ ਤੌਰ 'ਤੇ ਉਦਘਾਟਨ ਸਮਾਗਮ ਲਈ ਸੱਦਾ ਭੇਜਿਆ ਗਿਆ ਹੈ ਤੇ ਸਿੱਧੂ ਨੇ ਵੀ ਜਾਣ ਦੀ ਇੱਛਾ ਜਤਾਈ ਹੈ।







ਹੁਣ ਇੰਤਜ਼ਾਰ ਹੈ ਉਸ ਸੁਲੱਖਣੀ ਘੜੀ ਦਾ ਜਦੋਂ ਲਾਂਘਾ ਖੁੱਲ੍ਹੇਗਾ ਤੇ ਸਰਹੱਦਾਂ ਦੀਆਂ ਦੀਵਾਰਾਂ ਲੰਘ ਗੁਰੂ ਨਾਨਕ ਦੇ ਘਰ ਨਤਮਸਤਕ ਹੋਣ ਜਾਣਗੇ ਸ਼ਰਧਾਲੂ। ਇਹ ਲਾਂਘਾ ਸਿਰਫ਼ ਇਕ ਧਾਰਮਿਕ ਸਥਾਨ ਵੱਲੋਂ ਜਾਂਦਾ ਰਾਹ ਹੀ ਨਹੀਂ ਸਗੋਂ ਚਿਰਾਂ ਤੋਂ ਵਿੱਛੜੇ ਦੋ ਸਾਂਝੇ ਮੁਲਕਾਂ ਦੇ ਦਿਲਾਂ 'ਚ ਪੈ ਚੁੱਕੀ ਵਿੱਥ ਨੂੰ ਦੂਰ ਕਰਨ ਦੀ ਇਕ ਸਾਂਝੀ ਆਸ ਵੀ ਹੈ।