ਚੰਡੀਗੜ੍ਹ: ਕੈਪਟਨ ਸਰਕਾਰ ਨੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵਿਵਾਦਤ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਸਪੈਂਡ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਉਮਰਾਨੰਗਲ ਪਹਿਲਾਂ ਹੀ ਦੋ ਸਾਲਾਂ ਤੋਂ ਸਸਪੈਂਡ ਚੱਲ ਰਿਹਾ ਸੀ। ਉਸ ਖ਼ਿਲਾਫ਼ ਇਸ ਤੋਂ ਪਹਿਲਾਂ ਕੋਟਕਪੂਰਾ ਗੋਲੀ ਕਾਂਡ ਦੇ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਉਹ ਦੋ ਸਾਲਾਂ ਤੋਂ ਮੁਅੱਤਲੀ ਅਧੀਨ ਹੀ ਚੱਲ ਰਿਹਾ ਹੈ।


ਇਸ ਤਰ੍ਹਾਂ ਨਾਲ ਕੈਪਟਨ ਸਰਕਾਰ ਦੀ ਤਾਜ਼ਾ ਕਾਰਵਾਈ ਤੋਂ ਬਾਅਦ ਉਮਰਾਨੰਗਲ ਦੋਹਰੀ ਮੁਅੱਤਲੀ ਦੀ ਮਾਰ ਹੇਠ ਆ ਗਿਆ ਹੈ। ਇਸ ਬਾਰੇ ਕਾਫੀ ਚਰਚਾ ਚੱਲ ਰਹੀ ਹੈ। ਉਂਝ ਸੀਨੀਅਰ ਅਫਸਰਾਂ ਦਾ ਕਹਿਣਾ ਹੈ ਕਿ ਗੰਭੀਰ ਇਲਜ਼ਾਮਾਂ ਵਿੱਚ ਅਜਿਹੀ ਕਾਰਵਾਈ ਹੋ ਸਕਦੀ ਹੈ। ਇਸ ਲਈ ਇਹ ਤਕਨੀਕੀ ਤੌਰ 'ਤੇ ਸਹੀ ਹੈ।


ਦੱਸ ਦਈਏ ਕਿ ਕੈਪਟਨ ਸਰਕਾਰ ਨੇ ਨਸ਼ਾ ਤਸਕਰੀ ਵਿੱਚ ਸ਼ਮੂਲੀਅਤ ਦੇ ਦੋਸ਼ਾਂ ਤਹਿਤ ਵਿਵਾਦਤ ਪੁਲਿਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ, ਐਸਪੀ ਵਰਿੰਦਰਜੀਤ ਸਿੰਘ ਥਿੰਦ, ਫਰੀਦਕੋਟ ਦੇ ਐਸਪੀ (ਡੀ) ਸੇਵਾ ਸਿੰਘ ਮੱਲ੍ਹੀ, ਪਰਮਿੰਦਰ ਸਿੰਘ ਬਾਠ ਡੀਐਸਪੀ ਤੇ ਕਰਨਸ਼ੇਰ ਸਿੰਘ ਡੀਐਸਪੀ ਫਤਿਹਗੜ੍ਹ ਸਾਹਿਬ ਨੂੰ ਮੁਅੱਤਲ ਕੀਤਾ ਹੈ।


ਪੰਜਾਬ ਦੇ ਡੀਜੀਪੀ ਦਫ਼ਤਰ ਵੱਲੋਂ ਕੀਤੀ ਸਿਫਾਰਸ਼ ਦੇ ਆਧਾਰ ‘ਤੇ ਗ੍ਰਹਿ ਵਿਭਾਗ ਨੇ ਸੀਨੀਅਰ ਪੁਲਿਸ ਅਫਸਰਾਂ ਦੀ ਮੁਅੱਤਲੀ ਦੇ ਹੁਕਮ ਦਿੱਤੇ ਹਨ। ਗ੍ਰਹਿ ਵਿਭਾਗ ਦੇ ਸੀਨੀਅਰ ਅਧਿਕਾਰੀ ਮੁਤਾਬਕ ਪੰਜਾਂ ਪੁਲਿਸ ਅਫ਼ਸਰਾਂ ਨੂੰ ਦੋਸ਼ ਪੱਤਰ ਜਾਰੀ ਕੀਤੇ ਜਾ ਰਹੇ ਹਨ। ਪੁਲਿਸ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਮੁਅੱਤਲ ਕੀਤੇ ਪੁਲਿਸ ਅਧਿਕਾਰੀਆਂ ਦੀ ਕਥਿਤ ਸ਼ਮੂਲੀਅਤ ਦੇ ਤੱਥ ਐਸਟੀਐਫ ਵੱਲੋਂ ਨਸ਼ਿਆਂ ਦੀ ਤਸਕਰੀ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤੇ ਖੰਨਾ ਜ਼ਿਲ੍ਹੇ ਦੇ ਸਰਪੰਚ ਗੁਰਦੀਪ ਸਿੰਘ ਰਾਣੋ ਦੇ ਮਾਮਲੇ ’ਚ ਸਾਹਮਣੇ ਆਏ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904