ਚੰਡੀਗੜ੍ਹ: ਅਕਾਲੀ ਦਲ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਪਰਗਟ ਸਿੰਘ ਉੱਤੇ ਆਮ ਆਦਮੀ ਪਾਰਟੀ ਨੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਪਰਗਟ ਨੇ ਆਪਣੀ ਨਵੀਂ ਸਿਆਸੀ ਪਾਰੀ ਬਾਰੇ ਅਜੇ ਕੁਝ ਵੀ ਖ਼ੁਲਾਸਾ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਨੇ ਪਰਗਟ ਸਿੰਘ ਲਈ ਪਾਰਟੀ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਆਖਿਆ ਕਿ ਪਰਗਟ ਸਿੰਘ ਇਮਾਨਦਾਰ ਤੇ ਬੇਦਾਗ਼ ਆਗੂ ਹਨ। ਅਜਿਹੇ ਆਗੂ ਜੇਕ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਇਸ ਨਾਲ ਮਜ਼ਬੂਤੀ ਮਿਲੇਗੀ।
ਹਾਲਾਂਕਿ ਸੰਜੇ ਸਿੰਘ ਨੇ ਇਹ ਖ਼ੁਲਾਸਾ ਨਹੀਂ ਕੀਤਾ ਕਿ ਪਰਗਟ ਸਿੰਘ ਨਾਲ ਇਸ ਮੁੱਦੇ ਉੱਤੇ ਕੋਈ ਗੱਲਬਾਤ ਹੋਈ ਹੈ ਪਰ ਉਨ੍ਹਾਂ ਪਰਗਟ ਸਿੰਘ ਲਈ ਪਾਰਟੀ ਦੇ ਦਰਵਾਜ਼ੇ ਖੋਲ੍ਹਣ ਦੀ ਗੱਲ ਆਖ ਕੇ ਸਿਆਸੀ ਤੌਰ ਉੱਤੇ ਹਲਚਲ ਤੇਜ਼ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ।
ਦੂਜੇ ਪਾਸੇ ਪਰਗਟ ਸਿੰਘ ਇਸ ਮੁੱਦੇ ਉੱਤੇ ਅਜੇ ਵੀ ਕੁਝ ਨਹੀਂ ਬੋਲ ਰਹੇ। ਪਰਗਟ ਨੇ ਆਪਣੇ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਪੂਰੇ ਮੁੱਦੇ ਉੱਤੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕਰਨਗੇ। ਉਸ ਤੋਂ ਬਾਅਦ ਹੀ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ। ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਨੇ ਵੀ ਪਰਗਟ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।