ਜਲੰਧਰ: ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਆਖਿਆ ਕਿ ਉਹ ਆਪਣੇ ਹਲਕੇ ਤੋਂ ਬਾਹਰ ਜਾ ਕੇ ਚੋਣ ਨਹੀਂ ਲੜਨਗੇ। ਜਲੰਧਰ ਵਿੱਚ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਹਲਕਾ ਜਲੰਧਰ ਕੈਂਟ ਤੇ ਉਹ ਇੱਥੋਂ ਦੀ ਚੋਣ ਲੜਨਗੇ।
ਪਰਗਟ ਸਿੰਘ ਨੇ ਆਖਿਆ ਕਿ ਅਕਾਲੀ ਦਲ ਨੇ ਵਿਧਾਇਕ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਲਕੇ ਲਈ ਕੰਮ ਨਹੀਂ ਕਰਨ ਦਿੱਤਾ। ਆਮ ਆਦਮੀ ਪਾਰਟੀ ਦੀ ਥਾਂ ਕਾਂਗਰਸ ਵਿੱਚ ਜਾਣ ਦੇ ਮੁੱਦੇ ਉੱਤੇ ਬੋਲਦਿਆਂ ਪਰਗਟ ਸਿੰਘ ਨੇ ਆਖਿਆ ਕਿ ਆਮ ਆਦਮੀ ਪਾਰਟੀ ਦਾ ਸੂਬੇ ਵਿੱਚ ਚਿਹਰਾ ਕੌਣ ਹੋਵੇਗਾ, ਇਹ ਅਜੇ ਤੱਕ ਪਤਾ ਨਹੀਂ।
ਉਨ੍ਹਾਂ ਆਖਿਆ ਆਮ ਆਦਮੀ ਪਾਰਟੀ ਨੂੰ ਆਪਣਾ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦਾ ਐਲਾਨ ਕਰਨਾ ਚਾਹੀਦਾ ਕਿਉਂਕਿ ਸੂਬਾ ਵੱਡਾ ਹੈ ਤੇ ਇਸ ਨੂੰ ਚਲਾਉਣਾ ਕੋਈ ਸੌਖਾ ਕੰਮ ਨਹੀਂ। ਉਨ੍ਹਾਂ ਆਖਿਆ ਕਿ ਰਾਜਨੀਤੀ ਵਿੱਚ ਮਾੜੇ ਅਕਸ ਦੇ ਲੋਕ ਨਹੀਂ ਆਉਣੇ ਚਾਹੀਦੇ। ਨਾਲ ਹੀ ਪਰਗਟ ਸਿੰਘ ਨੇ ਆਖਿਆ ਕਿ ਅਫ਼ਸਰਸ਼ਾਹੀ ਨੂੰ ਕੰਮ ਕਰਨ ਦੀ ਖੁੱਲ੍ਹੇ ਹੋਣੀ ਚਾਹੀਦੀ ਹੈ।