ਚੰਡੀਗੜ੍ਹ: ਕਾਂਗਰਸ ਵਿੱਚ ਨਵਾਂ ਕਲੇਸ਼ ਸ਼ੁਰੂ ਹੋ ਗਿਆ ਹੈ। ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਮਗਰੋਂ ਉਨ੍ਹਾਂ ਦੇ ਹੀ ਦੋਸਤ ਵਿਧਾਇਕ ਪਰਗਟ ਸਿੰਘ ਨੇ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ਉੱਪਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿਹਾ ਹੈ ਕਿ 2022 ਵਿੱਚ ਲੋਕ ਕਾਂਗਰਸ ਨੂੰ ਵੋਟ ਦੇਣ ਲੱਗਿਆਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸੋਚਣਗੇ। ਪਰਗਟ ਸਿੰਘ ਨੇ ਇਹ ਮੰਨਿਆ ਕਿ ਉਨ੍ਹਾਂ ਦੀ ਸਰਕਾਰ ਦੀ ਕਾਰਗੁਜ਼ਾਰੀ ਓਨੀ ਚੰਗੀ ਨਹੀਂ ਜਿੰਨੀ ਹੋਣੀ ਚਾਹੀਦੀ ਸੀ। ਉਂਝ ਪਰਗਟ ਸਿੰਘ ਨੇ ਸਾਲ ਪਹਿਲਾਂ ਵੀ ਕੈਪਟਨ ਨੂੰ ਚਿੱਠੀ ਲਿਖ ਕੇ ਆਵਾਜ਼ ਉਠਾਈ ਸੀ।


ਇਸ ਤੋਂ ਇਲਾਵਾ ਵਿਧਾਇਕ ਪਰਗਟ ਸਿੰਘ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਸਾਲ 2022 ਚੋਣਾਂ ਲਈ ਕੈਪਟਨ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਐਲਾਨਣ 'ਤੇ ਵੀ ਸਵਾਲ ਉਠਾਇਆ। ਉਨ੍ਹਾਂ ਕਿਹਾ ਕਿ ਜਾਖੜ ਦੀ ਨਿੱਜੀ ਰਾਇ ਹੋ ਸਕਦੀ ਹੈ ਪਰ ਚਿਹਰੇ ਦਾ ਫੈਸਲਾ ਹਾਈ ਕਮਾਨ ਦੇ ਹੱਥ ਹੈ।


ਉਧਰ, ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਉਨ੍ਹਾਂ ਗੱਲਾਂ ’ਤੇ ਮੋਹਰ ਲਾਈ ਹੈ ਜਿਨ੍ਹਾਂ ਨੂੰ ਲੈ ਕੇ ‘ਆਪ’ ਚਾਰ ਵਰ੍ਹਿਆਂ ਤੋਂ ਰੌਲਾ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਖੜ ਨੇ ਕੁਰਸੀ ਬਚਾਉਣ ਲਈ ਮੁਹਿੰਮ ਛੇੜੀ ਹੈ ਤੇ ਕਾਂਗਰਸ ਅੰਦਰ ਜੰਗ ਤੇਜ਼ ਹੋਈ ਹੈ। ਚੀਮਾ ਨੇ ਕਿਹਾ ਕਿ ਪਰਗਟ ਸਿੰਘ ਠੀਕ ਬੰਦਾ ਹੈ ਪਰ ਗਲਤ ਸਾਈਡ ਖੇਡ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅੱਜ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ‘ਆਪ’ ਦੇ ਦਰਵਾਜੇ ਖੁੱਲ੍ਹੇ ਹਨ।


ਦਰਅਸਲ ਇਸ ਤੋਂ ਪਹਿਲਾਂ ਪਰਗਟ ਸਿੰਘ ਦੇ ਕਰੀਬੀ ਨਵਜੋਤ ਸਿੰਘ ਵੀ ਕੈਪਟਨ ਤੋਂ ਖਫਾ ਹਨ। ਉਨ੍ਹਾਂ ਨੂੰ ਮਨਾਉਣ ਲਈ ਹਾਈ ਕਮਾਨ ਨੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੂੰ ਜ਼ਿੰਮੇਵਾਰੀ ਸੌਂਪੀ ਹੈ। ਨਵਜੋਤ ਸਿੱਧੂ ਦੀ ਸਰਕਾਰ ਵਿੱਚ ਵਾਪਸੀ ਨੂੰ ਲੈ ਕੇ ਗੱਲਬਾਤ ਅਖੀਰਲੇ ਦੌਰ ’ਚ ਹੈ। ਕੈਪਟਨ ਨੇ ਵੀ ਮੰਨਿਆ ਹੈ ਕਿ ਸਭ ਕੁਝ ਜਲਦ ਠੀਕ ਹੋ ਜਾਏਗਾ। ਹੁਣ ਪਰਗਟ ਸਿੰਘ ਦੇ ਬਿਆਨਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ।


ਦਰਅਸਲ ਕੈਪਟਨ ਪਿਛਲੀ ਵਾਰ ਆਪਣੀ ਆਖਰੀ ਚੋਣ ਕਹਿ ਕੇ ਮੈਦਾਨ ਵਿੱਚ ਉੱਤਰੇ ਸੀ। ਹੁਣ ਕੈਪਟਨ ਨੇ ਐਲਾਨ ਕੀਤਾ ਹੈ ਕਿ ਉਹ ਅਜੇ ਸਿਆਸਤ ਵਿੱਚ ਬਣੇ ਰਹਿਣਗੇ। ਇਸ ਲਈ ਹੀ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ‘ਕੈਪਟਨ ਫਾਰ 2022’ ਮੁਹਿੰਮ ਵਿੱਢੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਮਗਰੋਂ ਹੀ ਕਾਂਗਰਸ ਵਿੱਚ ਨਵੀਂ ਹਿਲਜੁਲ ਸ਼ੁਰੂ ਹੋਣ ਲੱਗੀ ਹੈ।