ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਕਾਂਗਰਸੀ ਲੀਡਰ ਪਰਗਟ ਸਿੰਘ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ, ਇਨ੍ਹਾਂ ਨੇ ਚੱਲਦੇ ਸਿਹਤ ਸਿਸਟਮ ਦਾ ਵੀ ਬੇੜਾ ਗਰਕ ਕਰ ਦੇਣਾ। ਮੁਹੱਲਾ ਕਲੀਨਿਕਾਂ ਦੇ ਡਰਾਮੇ ਨੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਦਾ ਬੁਰਾ ਹਾਲ ਕਰ ਦਿੱਤਾ ਹੈ। ਨਾ ਡਾਕਟਰ, ਨਾ ਦਵਾਈਆਂ ਤੇ ਨਾ ਟੈਸਟ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜੀ ਦਿੱਲੀ ਦੇ ਡਰਾਮੇ 'ਚੋਂ ਨਿਕਲ ਕੇ ਸੂਬੇ ਬਾਰੇ ਸੋਚੋ।
ਦਰਅਸਲ 'ਚ ਸਿਹਤ ਸਹੂਲਤਾਂ 'ਚ ਸੁਧਾਰ ਲਿਆਉਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੰਮ੍ਰਿਤਸਰ ਦੇ ਸਰਕਾਰ ਹਸਪਤਾਲ 'ਚ ਸਟਾਫ਼ ਦੀ ਭਾਰੀ ਘਾਟ ਦੇ ਕਾਰਨ ਜਿੱਥੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸਿਹਤ ਸੇਵਾਵਾਂ ਲਈ ਵੀ ਜ਼ਿਆਦਾਤਰ ਦਵਾਈਆਂ ਖ਼ਤਮ ਹੋਣ ਕਾਰਨ ਮਰੀਜ਼ਾਂ ਨੂੰ ਪੈਸੇ ਖ਼ਰਚ ਕੇ ਪ੍ਰਾਈਵੇਟ ਮੈਡੀਕਲ ਸਟੋਰਾਂ ਤੋਂ ਮੁੱਲ ਦਵਾਈਆਂ ਖਰੀਦਣੀਆਂ ਪੈ ਰਹੀਆਂ ਹਨ।
ਹਾਸਲ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ 'ਚ ਸਿੱਖਿਆ ਪ੍ਰਣਾਲੀ ਤੇ ਸਿਹਤ ਸਹੂਲਤਾਂ ਨੂੰ ਲੈ ਕੇ ਬੇਹਤਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਥੋਂ ਤੱਕ ਡਾਕਟਰਾਂ ਤੇ ਅਧਿਆਪਕਾਂ ਨੂੰ ਸਿਖਲਾਈ ਲਈ ਦੇਖੀ ਭੇਜਿਆ ਜਾ ਰਿਹਾ ਹੈ ਪਰ ਅਫਸੋਸ ਦੀ ਗੱਲ ਸਰਕਾਰ ਦੀ ਲਾਪ੍ਰਵਾਹੀ ਕਾਰਨ ਸੂਬੇ 'ਚ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਚੰਗੀਆਂ ਸਿਹਤ ਸਹੂਲਤਾਂ ਲਈ ਚੁਣਿਆ ਸੀ ਪਰ ਇਸ ਸਮੇਂ ਹਾਲਾਤ ਕੁੱਝ ਹੋਰ ਹੀ ਹਨ। ਸੂਬੇ ਦੇ ਸਰਕਾਰੀ ਹਸਪਤਾਲਾਂ, ਡਿਸਪੈਂਸਰੀਆਂ ਦਾ ਬੁਰਾ ਹਾਲ ਹੈ ਤੇ ਉਨ੍ਹਾਂ 'ਚ ਕਿਤੇ ਦਵਾਈਆਂ ਦੀ ਘਾਟ ਹੈ ਤੇ ਕਿਤੇ ਸਟਾਫ਼ ਦੀ ਘਾਟ ਹੈ। ਜਿਸ ਕਾਰਨ ਸੂਬੇ ਦੇ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਮਹਿੰਗਾ ਇਲਾਜ ਕਰਵਾਉਣ ਲਈ ਮਜ਼ਬੂਰ ਹਨ।