Punjab News: ਆਮ ਆਦਮੀ ਪਾਰਟੀ ਵੱਲੋਂ 17 ਦਸੰਬਰ ਨੂੰ ਜ਼ਿਲ੍ਹਾ ਬਠਿੰਡਾ ਦੇ ਵਿਧਾਨ ਸਭਾ ਹਲਕਾ ਮੌੜ ਵਿੱਚ ਰੱਖੀ ਰੈਲੀ ਤੋਂ ਪਹਿਲਾਂ 16 ਦਸੰਬਰ ਨੂੰ ਮੌੜ ਹਲਕੇ ਦੇ ਅੱਧੀ ਦਰਜਨ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਪਰ ਬਾਅਦ ਵਿੱਚ ਇਹ ਹੁਕਮ ਵਾਪਸ ਲੈ ਲਿਆ। ਇਸ ਤੋਂ ਬਾਅਦ ਵਿਰੋਧੀਆਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕੀਤਾ ਜਾ ਰਿਹਾ ਹੈ।
ਇਸ ਨੂੰ ਲੈ ਕੇ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਮਿਲਣ ਆਏ ਅਧਿਆਪਕਾਂ ਨੂੰ ਜਲੀਲ ਕਰਨ ਵਾਲੇ ਹਰਜੋਤ ਬੈਂਸ ਹੁਣ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਵਾਲੀ ਰੈਲੀ ਖਿਲਾਫ ਬੋਲਣਗੇ, ਕਾਰਵਾਈ ਕਰਣਗੇ?ਜੇ ਆਮ ਆਦਮੀ ਪਾਰਟੀ ਨੇ ਸਿਆਸੀ ਰੈਲੀ ਕਰਨੀ ਹੈ ਤਾਂ ਬੱਚਿਆਂ ਦਾ ਨੁਕਸਾਨ ਕਿਉਂ ਕਰ ਰਹੇ ਹੋ? ਜੇ ਰੈਲੀ ਲਈ ਸਕਿਓਰਟੀ ਰੱਖਣੀ ਹੈ ਤਾਂ ਆਪਣੇ ਘਰਾਂ ਵਿੱਚ ਰੱਖੋ, ਸਕੂਲਾਂ ਅਤੇ ਅਧਿਆਪਕਾਂ ਨੂੰ ਕਿਉਂ ਪ੍ਰੇਸ਼ਾਨ ਕਰ ਰਹੇ ਹੋ?
ਇਸ ਤੋਂ ਪਹਿਲਾਂ ਪਰਗਟ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਕਿਓਰਟੀ ਲਈ ਹਲਕਾ ਮੌੜ ਦੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਦੇ ਹੁਕਮ ਦਿੱਤੇ ਗਏ ਹਨ। ਮੁਰਗੀ ਪਾਲਣ ਦੀ ਸਲਾਹ ਦੇਣ ਵਾਲੇ ਖੁਦ ਲੋਕਾਂ ਵਿੱਚ ਜਾਣ ਤੋਂ ਤਾਂ ਡਰਦੇ ਹੀ ਨੇ ਪਰ ਸਿਆਸੀ ਰੈਲੀਆਂ ਲਈ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰਨ ਅਤੇ ਅਧਿਆਪਕਾਂ/ਸਕੂਲਾਂ ਦੀ ਦੁਰਵਰਤੋਂ ਕਰਨ ਦੇ ਤਾਨਾਸ਼ਾਹੀ ਹੁਕਮ ਜ਼ਾਰੀ ਕਰ ਰਹੇ ਹਨ। ਕੀ ਆਮ ਆਦਮੀ ਪਾਰਟੀ ਦੀ ਸਿਆਸੀ ਰੈਲੀ ਬੱਚਿਆਂ ਦੀ ਪੜ੍ਹਾਈ ਤੋਂ ਜ਼ਿਆਦਾ ਜ਼ਰੂਰੀ ਹੈ?
ਜ਼ਿਕਰ ਕਰ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰੱਖਿਆ ਦਸਤੇ ਠਹਿਰਨ ਵਾਸਤੇ ਵੀਰਵਾਰ ਦੇਰ ਸ਼ਾਮ ਹੀ ਸਕੂਲਾਂ ਵਿੱਚ ਪੁੱਜ ਗਏ ਸਨ। ਇਸ ਲਈ ਇਨ੍ਹਾਂ ਸਕੂਲਾਂ ਵਿੱਚ ਛੁੱਟੀ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਸੀ। ਇਸ ਮਗਰੋਂ ਅੱਜ ਜਿਲ੍ਹਾ ਸਿੱਖਿਆ ਦਫਤਰ ਨੇ ਛੁੱਟੀ ਰੱਦ ਕਰਨ ਦੀ ਗੱਲ ਕਹੀ ਹੈ। ਉਪ ਜ਼ਿਲ੍ਹਾ ਸਿੱਖਿਆ ਅਫਸਰ ਇਕਬਾਲ ਸਿੰਘ ਬੁੱਟਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਛੁੱਟੀ ਰੱਦ ਕਰ ਦਿੱਤੀ ਗਈ ਹੈ। 16 ਦਸੰਬਰ ਨੂੰ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਹੈ। ਸੁਰੱਖਿਆ ਦਸਤੇ ਨੂੰ ਬਦਲਵੇਂ ਪ੍ਰਬੰਧ ਕਰਕੇ ਵੱਖਰੇ ਕਮਰੇ ਦਿੱਤੇ ਜਾ ਰਹੇ ਹਨ।