ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਵਾਰ ਮੁੜ ਨਿਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸੀ ਵਿਧਾਇਕ ਪਰਗਟ ਸਿੰਘ ਵੱਲੋਂ ਲਿਖੀ ਗਈ ਚਿੱਠੀ ਮਗਰੋਂ ਕੈਪਟਨ ਕਸੂਤੇ ਘਿਰੇ ਦਿਖ ਰਹੇ ਹਨ। ਇੱਕ ਤੋਂ ਬਾਅਦ ਇੱਕ ਕਾਂਗਰਸੀ ਲੀਡਰ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਜਾਣ ਮਗਰੋਂ ਇਹ ਸਪਸ਼ਟ ਹੋ ਗਿਆ ਹੈ ਕਿ ਤਿੰਨ ਸਾਲਾਂ ਵਿੱਚ ਕੈਪਟਨ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਹੁਣ ਸਰਕਾਰ ਕੋਲ ਸਿਰਫ ਦੋ ਸਾਲ ਬਚੇ ਹਨ ਤੇ ਆਪਣੇ ਹੀ ਮੰਤਰੀਆਂ ਤੇ ਵਿਧਾਇਕਾਂ ਦੇ ਬਾਗੀ ਤੇਵਰ ਕੈਪਟਨ ਦੇ ਪੈਰ ਉਖਾੜ ਸਕਦੇ ਹਨ।

ਦਰਅਸਲ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਲਿਖਿਆ ਹੈ ਕਿ ਤਿੰਨਾਂ ਸਾਲਾਂ ਵਿੱਚ ਸਰਕਾਰ ਕੋਲ ਅਜਿਹੀ ਕੋਈ ਦੱਸਣਯੋਗ ਪ੍ਰਾਪਤੀ ਨਹੀਂ, ਜਿਸ ਸਬੰਧੀ ਵਾਅਦੇ ਕਰਕੇ ਕਾਂਗਰਸ ਸੱਤਾ ਵਿੱਚ ਆਈ ਸੀ। ਉਂਝ ਪਰਗਟ ਸਿੰਘ ਤੋਂ ਪਹਿਲਾਂ ਵੀ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਅਜਿਹਾ ਹੀ ਸਵਾਲ ਉਠਾਇਆ ਸੀ। ਬੇਸ਼ੱਕ ਕੁਝ ਵਿਰੋਧੀ ਧੜੇ ਦੇ ਲੀਡਰ ਹੋਣ ਕਰਕੇ ਇਹ ਵੱਡਾ ਮੁੱਦਾ ਨਹੀਂ ਬਣਿਆ ਪਰ ਪਰਗਟ ਸਿੰਘ ਵਰਗੇ ਨਿਰਪੱਖ ਲੀਡਰ ਵੱਲੋਂ ਸਵਾਲ ਉਠਾਉਣਾ ਕੈਪਟਨ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।

ਇਸ ਦੇ ਨਾਲ ਹੀ ਸਵਾਲ ਉੱਠ ਰਹੇ ਹਨ ਕਿ ਕੀ ਪਰਗਟ ਸਿੰਘ ਕਾਂਗਰਸ ਨੂੰ ਝਟਕਾ ਦੇ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਮਿੱਤਰ ਨਵਜੋਤ ਸਿੰਘ ਸਿੱਧੂ ਬਾਰੇ ਵੀ ਅਜਿਹੀਆਂ ਹੀ ਕਿਆਸਰਾਈਆਂ ਹਨ। ਪਤਾ ਲੱਗਾ ਹੈ ਕਿ ਪਰਗਟ ਸਿੰਘ ਦਾ ਕੈਪਟਨ ਨਾਲ ਪੇਚਾ ਸਾਢੇ ਪੰਜ ਮਹੀਨੇ ਪਹਿਲਾਂ ਹੀ ਪੈ ਗਿਆ ਸੀ ਜਦੋਂ ਉਨ੍ਹਾਂ ਸਤੰਬਰ 2019 ਵਿੱਚ ਮੁੱਖ ਮੰਤਰੀ ਦਾ ਸਲਾਹਕਾਰ ਬਣਨ ਤੋਂ ਨਾਂਹ ਕਰ ਦਿੱਤੀ ਸੀ। ਪਰਗਟ ਸਿੰਘ ਨੇ ਵਿਧਾਇਕ ਹੁੰਦਿਆਂ ਦੂਜੀ ਵਾਰ ਅਹੁਦੇ ਨੂੰ ਠੋਕਰ ਮਾਰੀ। ਇਸ ਪਹਿਲਾਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹੁੰਦਿਆਂ ਮੁੱਖ ਸੰਸਦੀ ਸਕੱਤਰ ਦਾ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਰਕੇ ਉਨ੍ਹਾਂ ਦੀ ਕਾਫੀ ਪ੍ਰਸ਼ੰਸਾ ਵੀ ਹੋਈ ਸੀ।