ਚੰਡੀਗੜ੍ਹ/ਅੰਮ੍ਰਿਤਸਰ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੇ ਦਿੱਲੀ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ‘ਤੇ ਦੁੱਖ ਪ੍ਰਗਟਾਇਆ।


ਇਕ ਸ਼ੋਕ ਸੰਦੇਸ਼ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਮੱਕੜ ਨੂੰ ਉਹ ਵਿਅਕਤੀ ਦੱਸਿਆ ਜਿਸ ਨੇ ਆਪਣਾ ਪੂਰਾ ਜੀਵਨ ਸਿੱਖ ਪੰਥ ਨੂੰ ਸਮਰਪਿਤ ਕਰ ਦਿੱਤਾ ਸੀ।

ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਉਨ੍ਹਾਂ ਕਿਹਾ ਕਿ ਜਥੇਦਾਰ ਮੱਕੜ ਵਲੋਂ ਸਿੱਖ ਪੰਥ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਗਿਆਰਾਂ ਸਾਲ ਨਿਭਾਈਆਂ ਸੇਵਾਵਾਂ ਸਦਾ ਯਾਦ ਰੱਖੀਆਂ ਜਾਣਗੀਆਂ। ਭਾਈ ਲੌਂਗੋਵਾਲ ਨੇ ਜਥੇਦਾਰ ਮੱਕੜ ਨੂੰ ਇੱਕ ਦਰਵੇਸ਼ ਆਗੂ ਦੱਸਦਿਆਂ ਉਨ੍ਹਾਂ ਵੱਲੋਂ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿੱਚ ਪਾਏ ਯੋਗਦਾਨ ਨੂੰ ਵੀ ਯਾਦ ਕੀਤਾ।

ਉਨ੍ਹਾਂ ਜਥੇਦਾਰ ਮੱਕੜ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਮੁੱਖ ਸਕੱਤਰ ਡਾ. ਰੂਪ ਸਿੰਘ ਤੇ ਸਕੱਤਰ ਸ. ਮਨਜੀਤ ਸਿੰਘ ਨੇ ਵੀ ਜਥੇਦਾਰ ਮੱਕੜ ਦੇ ਦਿਹਾਂਤ ’ਤੇ ਅਫਸੋਸ ਪ੍ਰਗਟ ਕੀਤਾ ਹੈ।

ਇਸੇ ਦੌਰਾਨ ਡਾ. ਰੂਪ ਸਿੰਘ ਨੇ ਦੱਸਿਆ ਕਿ ਜਥੇਦਾਰ ਮੱਕੜ ਦੇ ਅਕਾਲ ਚਲਾਣੇ ਦੇ ਸ਼ੋਕ ਵਿਚ ਭਲਕੇ 21 ਦਸੰਬਰ ਨੂੰ 11 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੋਮਣੀ ਕਮੇਟੀ ਮੁਲਾਜਮਾਂ ਵੱਲੋਂ ਸ਼ੋਕ ਸਭਾ ਕੀਤੀ ਜਾਵੇਗੀ