ਬਠਿੰਡਾ: ਆਉਣ ਵਾਲੀ ਸੱਤ ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ਵਿੱਚ ਐਲਾਨੀ ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਬੇਅਦਬੀਆਂ ਤੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਪਾਰਟੀ ਦਾ ਅਕਸ ਸੁਧਾਰਨ ਲਈ ਸਾਬਕਾ ਮੁੱਖ ਮੰਤਰੀ ਆਪ ਮੈਦਾਨ ਵਿੱਚ ਆ ਗਏ ਹਨ। ਇਸੇ ਲਈ ਅੱਜ ਪਰਕਾਸ਼ ਸਿੰਘ ਬਾਦਲ ਨੇ ਆਪਣੇ ਇਲਾਕੇ ਦੇ ਲੀਡਰਾਂ ਤੇ ਵਰਕਰਾਂ ਨਾਲ ਬੈਠਕ ਕੀਤੀ। ਜ਼ਿਕਰਯੋਗ ਹੈ ਕਿ ਇਹ ਰੈਲੀ ਅਕਾਲੀ ਦਲ ਲਈ ਮੁੱਛ ਦਾ ਸਵਾਲ ਬਣੀ ਹੋਈ ਹੈ ਕਿਉਂਕਿ ਉਸੇ ਦਿਨ ਲੰਬੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵੀ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਹੈ। ਸ੍ਰੀ ਮੁਕਤਸਰ ਸਾਹਿਬ ਦੇ ਭਾਈ ਮਹਾ ਸਿੰਘ ਦੀਵਾਨ ਹਾਲ ਵਿੱਚ ਸਾਬਕਾ ਮੁੱਖ ਮੰਤਰੀ ਨੇ ਅਕਾਲੀ ਵਰਕਰਾਂ ਤੇ ਲੀਡਰਾਂ ਨੂੰ ਸੰਬੋਧਨ ਕੀਤਾ। ਬਾਦਲ ਨੇ ਇਸ ਮੌਕੇ ਪਿਛਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ 'ਤੇ ਵੱਡੇ ਪੱਧਰ 'ਤੇ ਧਾਂਦਲੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਸ ਵਾਰ ਫਿਰ ਇੰਦਰਾ ਗਾਂਧੀ ਵੱਲੋਂ ਲਾਈ ਐਮਰਜੈਂਸੀ ਤੇ ਸਿੱਖ ਵਿਰੋਧੀ ਫੈਸਲਿਆਂ ਦਾ ਦੋਸ਼ ਲਾਇਆ ਤੇ ਆਪਣੀਆਂ ਜੇਲ੍ਹ ਯਾਤਰਾਵਾਂ ਦੀ ਚਰਚਾ ਕੀਤੀ। ਬਾਦਲ ਨੇ 2019 ਦੀਆਂ ਲੋਕ ਸਭਾ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਬਣਾਉਣ ਲਈ ਪਟਿਆਲਾ ਰੈਲੀ ਕਾਮਯਾਬ ਬਣਾਉਣ ਲਈ ਅਕਾਲੀ ਆਗੂਆਂ ਤੋਂ ਸਾਥ ਵੀ ਮੰਗਿਆ।