ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦਾ ਅਹੁਦਾ ਛੱਡਣ ਮਗਰੋਂ ਪਰਮਿੰਦਰ ਢੀਂਡਸਾ ਨੇ ਪਾਰਟੀ ਅੰਦਰਲੇ ਭੇਤ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਅਸਤੀਫਾ ਦੇਣ ਤੋਂ ਬਾਅਦ ਅੱਜ ਪਹਿਲੀ ਵਾਰ ਇੰਟਰਵਿਊ ਦਿੰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਵਿੱਚ ਰਹਿ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਇਸ ਕਰਕੇ ਪਿਤਾ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਕਾਸ਼ ਸਿੰਘ ਬਾਦਲ ਤੱਕ ਵੀ ਸਿਧਾਂਤਕ ਲੜਾਈ ਨੂੰ ਲੈ ਕੇ ਚਰਚਾ ਕੀਤੀ ਗਈ ਸੀ।


ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬਾਰੇ ਚੁੱਪ ਵੱਟਣ ਮਗਰੋਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਪਾਰਟੀ ਵਿੱਚ ਰਹਿ ਕੇ ਵੀ ਮਸਲੇ ਉਠਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਸੀ ਪਰ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਉਨ੍ਹਾਂ ਦੇ ਅਸਤੀਫੇ ਮਗਰੋਂ ਜਿਸ ਤਰੀਕੇ ਨਾਲ ਬਿਨਾ ਸਲਾਹ-ਮਸ਼ਵਰਾ ਕੀਤੇ ਸ਼ਰਨਜੀਤ ਢਿੱਲੋਂ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ ਹੈ, ਉਹ ਲੋਕਤੰਤਰ ਦੇ ਖ਼ਿਲਾਫ਼ ਹੈ। ਉਂਝ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਤੁਰੰਤ ਮਨਜ਼ੂਰ ਕਰਨਾ ਕੋਈ ਮੁੱਦਾ ਨਹੀਂ।



ਉਨ੍ਹਾਂ ਕਿਹਾ ਕਿ ਸਿਆਸੀ ਸਫਰ ਬਾਰੇ ਅਜੇ ਤੱਕ ਕੁਝ ਵੀ ਤੈਅ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਏਜੰਡਾ ਲੈ ਕੇ ਜਾਣ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੀ ਬਿਨਾਂ ਪ੍ਰਵਾਹ ਕੀਤੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਤੇ ਸਿਧਾਂਤਾਂ ਦੀ ਲੜਾਈ ਕਰਕੇ ਹੀ ਅਸਤੀਫਾ ਦਿੱਤਾ ਹੈ। ਸੋਚ ਵਿਚਾਰ ਕੇ ਆਪਣੇ ਨਜ਼ਦੀਕੀਆਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਹੈ।