ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਲਾਭਪਾਤਰੀਆਂ ਦੇ ਘਰ ਕਣਕ ਦਾ ਆਟਾ ਵੰਡਣ ਦੀ ਗ਼ਲਤ ਸੋਚ ਵਾਲੀ ਯੋਜਨਾ ਲਈ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਹੈ।
ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਸਲਾਹ 'ਤੇ ਸਿਆਸੀ ਲਾਹਾ ਲੈਣ ਲਈ ਕਾਹਲੀ 'ਚ ਸ਼ੁਰੂ ਕੀਤੀ ਗਈ ਇਹ ਸਕੀਮ ਹੈ। ਇਹ ਸਿਰਫ ਭ੍ਰਿਸ਼ਟਾਚਾਰ ਨੂੰ ਜਨਮ ਦੇਵੇਗੀ ਕਿਉਂਕਿ ਨਿੱਜੀ ਕੰਪਨੀਆਂ ਅਤੇ ਟਰਾਂਸਪੋਰਟਰ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ ਲਈ ਵਰਤਣਗੇ।
ਬਾਜਵਾ ਦੇ ਅਨੁਸਾਰ ਭ੍ਰਿਸ਼ਟਾਚਾਰ ਦਾ ਪੈਰ ਅਸਲ ਵਿੱਚ ਦਿੱਲੀ ਵਿੱਚ ਪਿਆ ਹੈ ਜਿੱਥੇ ਅਰਵਿੰਦ ਕੇਜਰੀਵਾਲ ਸਰਕਾਰ ਸ਼ਰਾਬ ਦੀ ਲਾਬੀ ਦੇ ਪ੍ਰਭਾਵ ਹੇਠ ਬਣਾਈ ਗਈ ਖਾਮੀਆਂ ਅਤੇ ਇੱਕਤਰਫਾ ਆਬਕਾਰੀ ਨੀਤੀ ਕਾਰਨ ਪਹਿਲਾਂ ਹੀ ਕਟਹਿਰੇ ਵਿੱਚ ਹੈ।
ਇਸ ਸਕੀਮ ਦੀ ਆੜ ਵਿੱਚ 'ਆਪ' ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ 17,000 ਤੋਂ ਵੱਧ ਡਿਪੂ ਹੋਲਡਰਾਂ ਨੂੰ ਪੂਰੀ ਤਰ੍ਹਾਂ ਬੇਰੁਜ਼ਗਾਰ ਕਰ ਦਿੱਤਾ ਜਾਵੇਗਾ। ਇਸ ਤੋਂ ਚੱਕੀਆੰ ਵਾਲਿਆਂ ਦਾ ਵੀ ਰੁਜ਼ਗਾਰ ਖੁੱਸ ਜਾਵੇਗਾ।
ਬਾਜਵਾ ਨੇ ਕਿਹਾ ਕਿ 500 ਕਰੋੜ ਸਿਰਫ ਆਟਾ ਵੰਡਣ ਲਈ ਖ਼ਰਚ ਕਰਾ ਕੋਈ ਤੁਕ ਨਹੀਂ ਬਣਦੀ। ਇਸ ਪ੍ਰਕਿਰਿਆ ਨੂੰ ਪਹਿਲਾਂ ਹੀ ਰਾਸ਼ਨ ਡਿਪੂਆਂ ਦੁਆਰਾ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ। “ਅਜਿਹਾ ਜਾਪਦਾ ਹੈ ਜਿਵੇਂ ਅੱਜ ਦੀ ਸਰਕਾਰ ਦੇ ਨੇੜੇ ਕੁਝ ਨਿੱਜੀ ਖਿਡਾਰੀ ਹਨ ਜੋ ਇਸ ਸਕੀਮ ਤੋਂ ਜਲਦੀ ਪੈਸਾ ਕਮਾਉਣ ਲਈ ਉਤਸੁਕ ਹਨ”।
ਉਨ੍ਹਾਂ ਕਿਹਾ ਕਿ ਮੈਂ ਲਾਭਪਾਤਰੀਆਂ ਦੇ ਘਰ ਆਟਾ ਪਹੁੰਚਾਉਣ ਦੇ ਤਰਕ ਅਤੇ ਕਾਰਨ ਨੂੰ ਸਮਝਣ ਵਿੱਚ ਅਸਫਲ ਰਿਹਾ ਜਦੋਂ ਉਹ ਪਹਿਲਾਂ ਹੀ ਵਾਜਬ ਕੀਮਤ ਵਾਲੀਆਂ ਦੁਕਾਨਾਂ ਤੋਂ ਕਣਕ ਪ੍ਰਾਪਤ ਕਰ ਰਹੇ ਸਨ। ਕੀ ਅਜਿਹੀ ਮੰਗ ਨੂੰ ਲੈ ਕੇ ਕੋਈ ਜਨਤਕ ਰੋਸ ਸੀ ਜਾਂ ਇਹ ਸਸਤੀ ਪਬਲੀਸਿਟੀ ਹਾਸਲ ਕਰਨ ਦੀ ਇਕ ਹੋਰ ਚਾਲ ਹੈ। ਇਹ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਅਜਿਹੇ ਕਦਮ ਪਿੱਛੇ ਨਿਰੋਲ ਉਦੇਸ਼ ਸਿਰਫ ਸਿਆਸਤ ਹੈ, ਸਮਾਜ ਦੇ ਗਰੀਬ ਵਰਗਾਂ ਦੀ ਭਲਾਈ ਨਹੀਂ ਹੈ।
ਬਾਜਵਾ ਨੇ ਕਿਹਾ ਕਿ ਪਿਛਲੀ ਸਕੀਮ ਦੇ ਤਹਿਤ ਖਪਤਕਾਰਾਂ ਨੂੰ ਉਨ੍ਹਾਂ ਦੀ ਜ਼ਰੂਰਤ ਅਤੇ ਲੋੜ ਅਨੁਸਾਰ ਕਣਕ ਦਾ ਆਟਾ ਮੁਫਤ ਮਿਲ ਰਿਹਾ ਸੀ। ਬਾਜਵਾ ਨੇ ਕਿਹਾ, ਸਰਕਾਰ ਦੇ ਪਹਿਲੇ ਪ੍ਰਬੰਧ ਤਹਿਤ ਵੱਡੀਆਂ ਆਟਾ ਮਿੱਲਾਂ ਦੀ ਬਜਾਏ ਛੋਟੇ ਚੱਕੀ ਕਾਰੋਬਾਰੀਆਂ ਨੂੰ ਉਤਸਾਹਿਤ ਕਰਨ ਚ ਯੋਗਦਾਨ ਪਾਇਆ।
ਬਾਜਵਾ ਨੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਸ਼ੁਰੂ ਕੀਤੀ “ਸਾਦੀ ਰਸੋਈ” ਸਕੀਮ ਨੂੰ ਕਾਇਮ ਰੱਖਣ ਵਿੱਚ ਅਸਫਲ ਰਹਿਣ ਲਈ ਵੀ ਭਗਵੰਤ ਮਾਨ ਦੀ ਆਲੋਚਨਾ ਕੀਤੀ।