ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਨੇ ‘ਲੋਟਸ ਅਪਰੇਸ਼ਨ’ ਤਹਿਤ ਕਰੋੜਾਂ ਰੁਪਏ ਰਿਸ਼ਵਤ ਦੀ ਪੇਸ਼ਕਸ਼ ਦੀ ਸੀਬੀਆਈ, ਈਡੀ ਜਾਂ ਹਾਈ ਕੋਰਟ ਦੇ ਮਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਸ਼੍ਰੋਮਣੀ ਅਕਲੀ ਦਲ ਦੇ ਵਿਧਾਇਕਾਂ ਬੀਬਾ ਗੁਨੀਵ ਕੌਰ ਮਜੀਠੀਆ, ਮਨਪ੍ਰੀਤ ਸਿੰਘ ਇਯਾਲੀ, ਡਾ.ਸੁਖਵਿੰਦਰ ਕੁਮਾਰ ਸੁੱਖੀ ਅਤੇ ਬਸਪਾ ਵਿਧਾਇਕ ਡਾ. ਨਛੱਤਰਪਾਲ ਮੌਜੂਦ ਸਨ। ਇਸ ਦੇ ਇਲਾਵਾ ਉਨ੍ਹਾਂ ਰਾਜਪਾਲ ਤੋਂ 'ਆਪ' ਵੱਲੋਂ ਵਿਧਾਨ ਸਭਾ ਸੈਸ਼ਨ ਬੁਲਾ ਕੇ ਪੰਜਾਬ ਦੇ ਅਸਲ ਮੁੱਦਿਆਂ 'ਤੇ ਚਰਚਾ ਕਰਨ ਦੀ ਬਜਾਏ ਵੱਲੋਂ ਸੂਬੇ ਦੇ ਜਨਤਕ ਪੈਸੇ ਦੀ ਬਰਬਾਦੀ ਕਰਨ ‘ਤੇ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਹੈ।
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ 'ਆਪ' ਸਰਕਾਰ ਸੰਸਦੀ ਨਿਯਮਾਂ ਦੀ ਉਲੰਘਣਾ ਕਰਕੇ ਆਪਣੇ ਸਿਆਸੀ ਏਜੰਡੇ ਲਈ ਸੰਸਦੀ ਨਿਯਮਾਂ ਦੀ ਦੁਰਵਰਤੋਂ ਕਰ ਰਹੀ ਹੈ। ਇਸ ਦੇ ਨਾਲ ਹੀ ਇਯਾਲੀ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਚੀਮਾ ਨੇ ਸੂਬੇ ਦੇ ਡੀਜੀਪੀ ਨੂੰ ਸੌਂਪੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਪਾਰਟੀ ਬਦਲਣ ਲਈ 25-25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਦਰਜ ਐਫਆਈਆਰ ਵਿੱਚ ਨਾ ਤਾਂ ਕਿਸੇ ਦਾ ਨਾਮ ਹੈ ਅਤੇ ਨਾ ਹੀ ਕਿਸੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸ਼੍ਰੋਮਣੀ ਅਕਲੀ ਦਲ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਅਕਾਲੀ-ਬਸਪਾ ਦੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਮਿਲ ਅਪੀਲ ਕੀਤੀ ਕਿ ਉਹ "ਆਪ" ਦੇ ਵਿਧਾਇਕਾਂ ਵੱਲੋਂ ਓਪਰੇਸ਼ਨ ਲੋਟਸ ਤਹਿਤ ਉਨ੍ਹਾਂ ਕਰੋੜਾਂ ਰੁਪਏ ਰਿਸ਼ਵਤ ਦੀ ਪੇਸ਼ਕਸ਼ ਦੀ ਸੀਬੀਆਈ, ਈਡੀ ਜਾਂ ਹਾਈ ਕੋਰਟ ਦੇ ਮਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ। ਇਸਦੇ ਨਾਲ ਆਪ ਵੱਲੋਂ ਕਾਨੂੰਨ ਨੂੰ ਛਿੱਕੇ ਟੰਗ ਕੇ ਬਿਨ੍ਹਾਂ ਲੋੜ ਤੋਂ ਸਿਰਫ਼ ਗੁਜਰਾਤ ਅਤੇ ਹਿਮਾਚਲ ਵਿੱਚ ਸਿਆਸੀ ਲਾਹੇ ਲਈ ਭਰੋਸਗੀ ਮਤਾ ਪੇਸ਼ ਕਰਨ ਲਈ ਵਿਧਾਨ ਸਭਾ ਬੁਲਾ ਕੇ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰਨ ਬਾਰੇ "ਆਪ" ਜ਼ਿੰਮੇਵਾਰ ਠਹਿਰਾਉਂਦਿਆਂ ਜਵਾਬ ਤਲਬੀ ਦੀ ਮੰਗ ਕੀਤੀ।
ਵਫ਼ਦ ਨੇ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਜੋ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਨਹੀਂ ਦਿੱਤੇ, ਜੋ ਰੁਜ਼ਗਾਰ ਦੀ ਥਾਂ ਨੌਜਵਾਨਾਂ ਉੱਤੇ ਲਾਠੀਚਾਰਜ ਕਰਵਾਏ ਹਨ, ਜੋ ਕਿਸਾਨਾਂ ਨੂੰ ਸਿੱਧੀ ਬਿਜਾਈ ਦਾ 1500 , ਲੰਪੀ ਸਕਿੰਨ ਦਾ ਮੁਆਵਜ਼ਾ, ਪਰਾਲੀ ਨਾ ਸਾੜਨ ਦੇ 2500 ਪ੍ਰਤੀ ਏਕੜ ਨਹੀਂ ਦਿੱਤੇ ਉਸ ਬਾਰੇ ਭਗਵੰਤ ਮਾਨ ਤੋਂ ਵਿਧਾਨ ਸਭਾ ਵਿੱਚ ਜਵਾਬ ਲਿਆ ਜਾਵੇ। ਸੂਬੇ ਵਿੱਚ ਅਮਨ ਕਨੂੰਨ ਵਿਵਸਥਾ ਦੇ ਮਾੜੇ ਹਾਲ, ਸ਼ਰਾਬ ਘੁਟਾਲੇ, ਨਜਾਇਜ਼ ਮਾਇਨਿੰਗ ਅਤੇ ਫੌਜਾ ਸਿੰਘ ਸਰਾਰੀ ਉੱਤੇ ਲੱਗੇ ਇਲਜ਼ਾਮਾਂ ਸੰਬੰਧੀ ਵਿਧਾਨ ਸਭਾ ਵਿੱਚ ਚਰਚਾ ਕੀਤੀ ਜਾਵੇ।