ਮਹਿਤਾਬ-ਉਦ-ਦੀਨ


ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਦੇ ਖੇਮਕਰਨ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ’ਚ ਵੱਡੇ ਪੱਧਰ ਉੱਤੇ ਫੁੱਟ ਪੈਂਦੀ ਵਿਖਾਈ ਦੇ ਰਹੀ ਹੈ। ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੂੰ ਅਗਲੇ ਵਰ੍ਹੇ 2022 ਦੀਆਂ ਅਸੈਂਬਲੀ ਚੋਣਾਂ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਪਰ ਅਕਾਲੀ ਆਗੂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਮਰਥਕ ਇਸ ਹਲਕੇ ’ਚ ਹਾਲੇ ਵੀ ਲਗਾਤਾਰ ਮੀਟਿੰਗਾਂ ਕਰ ਰਹੇ ਹਨ।


ਦਰਅਸਲ, ਪ੍ਰਤਾਪ ਸਿੰਘ ਕੈਰੋਂ ਦੇ ਬਹੁਤ ਨਜ਼ਦੀਕੀ ਸਮਝੇ ਜਾਂਦੇ ਗੁਰਮੁਖ ਸਿੰਘ ਘੁੱਲਾ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਕਰਕੇ ਇਹ ਦਾਅਵਾ ਪੇਸ਼ ਕਰ ਰਹੇ ਹਨ ਕਿ ਕੈਰੋਂ ਹੁਰਾਂ ਦੀ ਪਤਨੀ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪਰਨੀਤ ਕੌਰ ਕੈਰੋਂ ਖੇਮਕਰਨ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਲੜਨਗੇ। ਦੱਸ ਦੇਈਏ ਕਿ ਖੇਮਕਰਨ, ਵਿਰਸਾ ਸਿੰਘ ਵਲਟੋਹਾ ਦਾ ਆਪਣਾ ਜੱਦੀ ਹਲਕਾ ਹੈ।


ਸਨਿੱਚਰਵਾਰ ਤੇ ਐਤਵਾਰ ਨੂੰ ਘੁੱਲਾ ਨੇ ਵਲਟੋਹਾ ’ਚ ਭੈਣੀ ਮੱਸਾ ਸਿੰਘ ਤੇ ਰਸੂਲਪੁਰ ਜਿਹੇ ਪਿੰਡਾਂ ਦਾ ਦੌਰਾ ਕੀਤਾ। ਰੋਜ਼ਾਨਾ ‘ਹਿੰਦੁਸਤਾਨ ਟਾਈਮਜ਼’ ਵੱਲੋਂ ਪ੍ਰਕਾਸ਼ਿਤ ਅਨਿਲ ਸ਼ਰਮਾ ਦੀ ਰਿਪੋਰਟ ਅਨੁਸਾਰ ਖ਼ੁਦ ਗੁਰਮੁਖ ਸਿੰਘ ਘੁੱਲਾ ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ’ਚ ਪ੍ਰਤਾਪ ਸਿੰਘ ਕੈਰੋਂ ਆਪ ਵੀ ਖੇਮਕਰਨ ਹਲਕੇ ’ਚ ਜਨਤਕ ਮੀਟਿੰਗਾਂ ਤੇ ਰੈਲੀਆਂ ਕਰਨਗੇ।


ਘੁੱਲਾ ਨੇ ਦਾਅਵਾ ਕੀਤਾ ਕਿ ਕੈਰੋਂ ਹੁਰਾਂ ਜੋ ਵੀ ਆਖ ਦਿੱਤਾ ਹੈ, ਉਹ ਅੰਤਿਮ ਫ਼ੈਸਲਾ ਹੋਵੇ, ਹੁਣ ਅੱਗੇ ਜੋ ਮਰਜ਼ੀ ਹੋਵੇ, ਹਰੇਕ ਸਥਿਤੀ ਦਾ ਸਾਹਮਣਾ ਕੀਤਾ ਜਾਵੇਗਾ। ‘ਬੀਬੀ ਪਰਨੀਤ ਕੌਰ ਕੈਰੋਂ ਹੀ ਖੇਮਕਰਨ ਹਲਕੇ ਤੋਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਲੜਨਗੇ।’ ਪ੍ਰਤਾਪ ਸਿੰਘ ਕੈਰੋਂ ਪੱਟੀ ਹਲਕੇ ਤੋਂ ਸਾਬਕਾ ਵਿਧਾਇਕ ਹਨ ਅਤੇ ਪਿਛਲੇ ਮਹੀਨੇ ਉਨ੍ਹਾਂ ਦੋ ਦਿਨ ਖੇਮਕਰਨ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਸਨ।


ਇੱਥੇ ਇਹ ਵੀ ਦੱਸ ਦੇਈਏ ਕਿ ਲੰਘੀ 15 ਮਾਰਚ ਨੂੰ ਪਿੰਡ ਅਮਰਕੋਟ ’ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤਾਪ ਸਿੰਘ ਕੈਰੋਂ ਦੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਅੱਖੋਂ ਪ੍ਰੋਖੇ ਕਰਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਵਿਰਸਾ ਸਿੰਘ ਵਲਟੋਹਾ ਨੂੰ ਖੇਮਕਰਨ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਸੀ।