Pathankot: ਪਠਾਨਕੋਟ ਦੇ ਮਮੂਨ ਖੇਤਰ ਦੇ ਅਧਿਨ ਆਉਂਦੇ ਪਿੰਡ ਫਾਗਤੌਲੀ ਵਿੱਚ ਸ਼ੱਕੀਆਂ ਦੀ ਹਲਚਲ ਇੱਕ ਵਾਰ ਮੁੜ ਤੋਂ ਦੇਖੀ ਗਈ। ਤਿੰਨ ਦਿਨ ਪਹਿਲਾਂ ਇਸੇ ਹੀ ਪਿੰਡ ਵਿੱਚ 7 ਸ਼ੱਕੀਆਂ ਨੇ ਇੱਕ ਮਹਿਲਾ ਦੇ ਘਰ ਜਾ ਕੇ ਰੋਟੀ ਦੀ ਮੰਗ ਕੀਤੀ ਸੀ ਤਾਂ ਬੀਤੀ ਰਾਤ ਮੁੜ ਤੋਂ ਇਹ ਸ਼ੱਕੀ ਇਸ ਪਿੰਡ ਵਿੱਚ ਦਿਖਾਈ ਦਿੱਤੇ।
ਹਲਾਂਕਿ ਹੁਣ ਇਹਨਾਂ ਦੀ ਗਿਣਤੀ 7 ਨਹੀਂ ਬਲਕਿ 3 ਸੀ। ਪਿੰਡ ਫਾਗਤੌਲੀ ਵਾਸੀ ਬਲਰਾਮ ਸਿੰਘ ਅਨੁਸਾਰ ਰਾਤ ਕਰੀਬ 2.30 ਵਜੇ ਤਿੰਨ ਸ਼ੱਕੀ ਵਿਅਕਤੀ ਕੰਧ ਟੱਪ ਕੇ ਉਸ ਦੇ ਘਰ ਆਏ ਅਤੇ ਰੋਟੀ ਮੰਗਣ ਲੱਗੇ। ਪਰ ਉਸ ਨੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਨਾ ਹੀ ਉਹਨਾਂ ਦੀ ਮੰਗ ਦਾ ਜਵਾਬ ਦਿੱਤਾ।
ਬਲਰਾਮ ਸਿੰਘ ਨੇ ਦੱਸਿਆ ਕਿ ਤਿੰਨਾਂ ਸ਼ੱਕੀਆਂ ਕੋਲ ਵੱਡੇ-ਵੱਡੇ ਬੈਗ ਸਨ ਅਤੇ ਉਨ੍ਹਾਂ ਨੇ ਕਾਲੇ ਕੱਪੜੇ ਪਾਏ ਹੋਏ ਸਨ। ਉਸ ਨੇ ਆਵਾਜ਼ ਮਾਰ ਕੇ ਕਿਹਾ, ਉੱਠੋ ਸਾਨੂੰ ਭੁੱਖ ਲੱਗੀ ਹੋਈ ਹੈ, ਰੋਟੀ ਦੇ ਦਿਓ। ਉਹ ਤਿੰਨ-ਚਾਰ ਵਾਰ ਬੋਲੇ ਅਤੇ ਫਿਰ ਪਰਦੇ 'ਤੇ ਲਾਲ ਬੱਤੀ ਦੀ ਰੌਸ਼ਨੀ ਮਾਰ ਕੇ ਪਰਿਵਾਰ ਵਾਲਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਪਰ ਘਰ 'ਚ ਅੰਦਰ ਬਲਰਾਮ ਸਿੰਘ ਹੋਰਾਂ ਨੇ ਕੋਈ ਜਵਾਬ ਨਹੀਂ ਦਿੱਤਾ।
ਜਿਸ ਤੋਂ ਬਾਅਦ ਬਲਰਾਮ ਦੀ ਪਤਨੀ ਨੇ ਪੁਲਿਸ ਨੂੰ ਬੁਲਾਉਣ ਲਈ ਕਿਹਾ ਤਾਂ ਬਲਰਾਮ ਸਟੋਰ ਵਿੱਚ ਜਾ ਕੇ ਪੁਲਿਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨੈੱਟਵਰਕ ਨਾ ਹੋਣ ਕਾਰਨ ਕਾਲ ਨਹੀਂ ਹੋ ਸਕੀ। ਉਹਨਾਂ ਦੇ ਚਾਚੇ ਦਾ ਫ਼ੋਨ ਵੀ ਨਹੀਂ ਲੱਗਿਆ।
ਪਰਵਿਾਰ ਕਮਰੇ ਦੀਆਂ ਖਿੜਕੀਆਂ 'ਚ ਪਰਦੇ ਦੇ ਪਿੱਛੇ ਤੋਂ ਚੁੱਪਚਾਪ ਸ਼ੱਕੀਆਂ ਦੀਆਂ ਹਰਕਤਾਂ ਨੂੰ ਦੇਖਦਾ ਰਿਹਾ। ਇਸ ਦੌਰਾਨ ਉਪਰੋਂ ਹੈਲੀਕਾਪਟਰ ਲੰਘਣ ਦੀ ਆਵਾਜ਼ ਸੁਣ ਕੇ ਸ਼ੱਕੀ ਵਿਅਕਤੀ ਕਦੇ ਪੌੜੀਆਂ ਤੋਂ ਹੇਠਾਂ ਆ ਜਾਂਦੇ ਸਨ ਅਤੇ ਕਦੇ ਉੱਪਰ ਚੜ੍ਹ ਜਾਂਦੇ ਸੀ। ਸਵੇਰੇ ਕਰੀਬ 4.30 ਵਜੇ ਤੱਕ ਉਨ੍ਹਾਂ ਦੀ ਆਵਾਜਾਈ ਉੱਥੇ ਜਾਰੀ ਰਹੀ।
ਇਸੇ ਪਿੰਡ ਵਿੱਚ 23 ਜੁਲਾਈ ਦੀ ਸ਼ਾਮ ਕਰੀਬ 7 ਵਜੇ ਸੱਤ ਸ਼ੱਕੀ ਵਿਅਕਤੀ ਦੇਖੇ ਗਏ ਸਨ। ਉਹ ਪਿੰਡ ਦੀ ਔਰਤ ਸੀਮਾ ਦੇਵੀ ਦੇ ਘਰ ਆਇਆ ਅਤੇ ਰੋਟੀ ਦੀ ਮੰਗ ਕੀਤੀ। ਇਨ੍ਹਾਂ ਸੱਤ ਸ਼ੱਕੀਆਂ ਦੀ ਹਰਕਤ ਸਾਹਮਣੇ ਆਉਣ ਤੋਂ ਬਾਅਦ ਬੀਐਸਐਫ ਅਤੇ ਪੰਜਾਬ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ। ਪਰ ਸ਼ੱਕੀ ਵਿਅਕਤੀਆਂ ਦੇ ਬੂਟ ਪ੍ਰਿੰਟ ਜੰਗਲੀ ਖੇਤਰ ਵਿੱਚ ਇੱਕ ਥਾਂ ਤੋਂ ਮਿਲੇ ਹਨ। ਪੁਲਿਸ ਨੇ ਸੀਮਾ ਦੇਵੀ ਦੀ ਮਦਦ ਨਾਲ ਇੱਕ ਸ਼ੱਕੀ ਵਿਅਕਤੀ ਦਾ ਸਕੈਚ ਵੀ ਤਿਆਰ ਕਰਵਾਇਆ ਸੀ।