Pathankot ED Raid : ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਅਤੇ ਜ਼ਮੀਨ ਦੇ ਕਥਿਤ ਘਪਲੇ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਏਜੰਸੀ ਨੇ ਪਠਾਨਕੋਟ ਦੇ ਸਾਬਕਾ ADC ਕੁਲਦੀਪ ਸਿੰਘ ਅਤੇ ਖਣਨ ਕਾਰੋਬਾਰੀ ਨਿਪੁਣ ਮਹਾਜਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਨੂੰ ਜਲੰਧਰ ਦੀ ਵਿਸ਼ੇਸ਼ PMLA ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 16 ਨਵੰਬਰ ਤੱਕ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ED ਮੁਤਾਬਕ ਦੋਵਾਂ 'ਤੇ ਪਠਾਨਕੋਟ ਵਿੱਚ ਕੌਮਾਂਤਰੀ ਸਰਹੱਦ ਨੇੜੇ ਰਾਵੀ ਦਰਿਆ ਦੇ ਕੰਢੇ ਸਥਿਤ 92 ਏਕੜ ਸ਼ਾਮਲਾਤ ਜ਼ਮੀਨ ਨੂੰ ਕਥਿਤ ਤੌਰ 'ਤੇ ਧੋਖਾਧੜੀ ਨਾਲ ਨਿੱਜੀ ਲੋਕਾਂ ਦੇ ਨਾਂ ਟਰਾਂਸਫਰ ਕਰਵਾਉਣ ਅਤੇ ਉਸ ਤੋਂ ਬਾਅਦ ਉੱਥੇ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਆਰੋਪ ਹਨ। ਏਜੰਸੀ ਦਾ ਦਾਅਵਾ ਹੈ ਕਿ ਇਸ ਮਾਮਲੇ ਵਿੱਚ ਕਰੀਬ 367 ਕਰੋੜ ਰੁਪਏ ਦਾ ਘਪਲਾ ਹੋਇਆ ਹੈ।
ਸਾਬਕਾ ADC ਨੇ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤਾ ਹੁਕਮ
ਜਾਂਚ ਅਨੁਸਾਰ, ਕੁਲਦੀਪ ਸਿੰਘ 24 ਫਰਵਰੀ ਤੋਂ 28 ਫਰਵਰੀ 2023 ਤੱਕ ਪਠਾਨਕੋਟ ਵਿੱਚ ADC (ਦਿਹਾਤੀ ਵਿਕਾਸ) ਦੇ ਅਹੁਦੇ 'ਤੇ ਤਾਇਨਾਤ ਰਹੇ। ਆਰੋਪ ਹੈ ਕਿ 27 ਫਰਵਰੀ 2023 ਨੂੰ ਉਨ੍ਹਾਂ ਨੇ 92 ਏਕੜ ਸ਼ਾਮਲਾਤ ਜ਼ਮੀਨ ਨਿੱਜੀ ਦਾਅਵੇਦਾਰਾਂ ਦੇ ਹੱਕ ਵਿੱਚ ਟਰਾਂਸਫਰ ਕਰਨ ਦਾ ਹੁਕਮ ਜਾਰੀ ਕੀਤਾ। ਇਹ ਕਾਰਵਾਈ ਉਨ੍ਹਾਂ ਦੀ ਰਿਟਾਇਰਮੈਂਟ ਤੋਂ ਸਿਰਫ਼ ਇੱਕ ਦਿਨ ਪਹਿਲਾਂ ਹੋਈ ਸੀ।
1.75 ਕਰੋੜ ਰੁਪਏ ਨਕਦ ਮਿਲੇ, 31 ਬੈਂਕ ਖਾਤੇ ਫ੍ਰੀਜ਼
ED ਨੇ 16 ਜੁਲਾਈ 2026 ਨੂੰ ਮਾਮਲੇ ਨਾਲ ਜੁੜੇ 16 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਨਿਪੁਣ ਮਹਾਜਨ ਦੇ ਟਿਕਾਣਿਆਂ ਤੋਂ 1.75 ਕਰੋੜ ਰੁਪਏ ਨਕਦ ਬਰਾਮਦ ਹੋਏ। ਇਸ ਤੋਂ ਇਲਾਵਾ ਮੁਲਜ਼ਮਾਂ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜੇ 31 ਬੈਂਕ ਖਾਤੇ ਫ੍ਰੀਜ਼ ਕੀਤੇ ਗਏ, ਜਿਨ੍ਹਾਂ ਵਿੱਚ 2.91 ਕਰੋੜ ਰੁਪਏ ਜਮ੍ਹਾਂ ਸਨ।
IIT ਰੋਪੜ ਦੇ ਸਰਵੇ ਵਿੱਚ 367.5 ਕਰੋੜ ਦੀ ਗੈਰ-ਕਾਨੂੰਨੀ ਖੁਦਾਈ
ਜਾਂਚ ਦੌਰਾਨ IIT ਰੋਪੜ ਦੀ ਟੀਮ ਨੇ ਡਰੋਨ ਅਤੇ ਬਾਥੀਮੈਟ੍ਰਿਕ ਸਰਵੇ ਰਾਹੀਂ ਖੁਦਾਈ ਦਾ ਮੁਲਾਂਕਣ ਕੀਤਾ। ਸਰਵੇ ਵਿੱਚ ਕਈ ਥਾਵਾਂ 'ਤੇ ਗੈਰ-ਕਾਨੂੰਨੀ ਮਾਈਨਿੰਗ ਦੇ ਸਬੂਤ ਮਿਲਣ ਦਾ ਦਾਅਵਾ ਕੀਤਾ ਗਿਆ। ਸੱਤ ਥਾਵਾਂ 'ਤੇ 27 ਗੈਰ-ਕਾਨੂੰਨੀ ਖੁਦਾਈ ਵਾਲੇ ਟੋਏ ਮਿਲੇ। ਇਨ੍ਹਾਂ ਵਿੱਚੋਂ ਖੁਦਾਈ ਕੀਤੇ ਖਣਿਜਾਂ ਦੀ ਅੰਦਾਜ਼ਨ ਕੀਮਤ 367.5 ਕਰੋੜ ਰੁਪਏ ਦੱਸੀ ਗਈ ਹੈ।
ED ਨੂੰ ਜਾਂਚ ਦੌਰਾਨ ਅਜਿਹੇ ਦਸਤਾਵੇਜ਼ ਵੀ ਮਿਲੇ ਹਨ, ਜਿਨ੍ਹਾਂ ਤੋਂ ਪਤਾ ਲੱਗਿਆ ਕਿ ਕ੍ਰਸ਼ਰ ਯੂਨਿਟਾਂ ਰਾਹੀਂ ਰੇਤ ਅਤੇ ਹੋਰ ਖਣਿਜਾਂ ਦੀ ਕਥਿਤ ਤੌਰ 'ਤੇ ਬਿਨਾਂ ਪੂਰਾ ਰਿਕਾਰਡ ਦਰਜ ਕੀਤੇ ਵਿਕਰੀ ਕੀਤੀ ਜਾਂਦੀ ਸੀ। ਫਿਲਹਾਲ ED ਵੱਲੋਂ ਜ਼ਮੀਨ ਦੇ ਲੈਣ-ਦੇਣ, ਗੈਰ-ਕਾਨੂੰਨੀ ਮਾਈਨਿੰਗ, ਕ੍ਰਸ਼ਰ ਕਾਰੋਬਾਰ ਅਤੇ ਬੈਂਕ ਖਾਤਿਆਂ ਰਾਹੀਂ ਹੋਏ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।