ਪਟਿਆਲਾ: ਇੱਥੋਂ ਦੇ ਦੇਵਦਰਸ਼ਦੀਪ ਸਿੰਘ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਅੱਵਲ ਸਥਾਨ ਹਾਸਲ ਕੀਤਾ ਹੈ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਐਲਾਨੇ ਗਏ ਸਾਲ 2018 ਵਿੱਚ ਲਏ ਗਏ ਇਨ੍ਹਾਂ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਸਾਲ 2018 ਵਿੱਚ ਪੀਪੀਐਸਸੀ ਨੇ 72 ਵੱਖ-ਵੱਖ ਅਹੁਦਿਆਂ ਲਈ ਬਿਨੈ ਕਰਨ ਦੀ ਮੰਗ ਕੀਤੀ ਸੀ, ਜਿਸ ਲਈ 22 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ।

ਪੀਸੀਐਸ ਦੇ ਇਮਤਿਹਾਨ ਵਿੱਚ ਮੁਹਾਲੀ ਦੇ ਜਗਨੂਰ ਸਿੰਘ ਗਰੇਵਾਲ ਨੇ ਦੂਜਾ ਤੇ ਚੰਡੀਗੜ੍ਹ ਦੇ ਪਰਲੀਨ ਕੌਰ ਕਾਲੇਕਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਟਿਆਲਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਸ਼ਹਿਰ ਦੇ ਪੰਜ ਨੌਜਵਾਨਾਂ ਨੇ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚ ਦੀਪਾਂਕਰ ਗਰਗ (7ਵਾਂ ਸਥਾਨ), ਰੁਪਿੰਦਰ ਕੌਰ (8ਵਾਂ ਸਥਾਨ), ਦਿਵਿਆ ਸਿੰਗਲਾ (9ਵਾਂ ਸਥਾਨ) ਅਤੇ ਜਿਨਸੂ ਬਾਂਸਲ (11ਵਾਂ ਸਥਾਨ) ਸ਼ਾਮਲ ਹਨ।

                                                      ਦੇਵਦਰਸ਼ ਤੇ ਪਰਲੀਨ

ਖ਼ਾਸ ਗੱਲ ਇਹ ਹੈ ਕਿ ਦੇਵਦਰਸ਼ਦੀਪ ਸਿੰਘ ਉੱਘੇ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਦਾ ਪੁੱਤਰ ਹੈ ਅਤੇ ਉਸ ਨੇ 2018 ਦੀ ਆਈਐਫਐਸ ਦੀ ਪ੍ਰੀਖਿਆ ਵਿੱਚੋਂ ਵੀ ਪੂਰੇ ਦੇਸ਼ 'ਚੋਂ 12ਵਾਂ ਸਥਾਨ ਹਾਸਲ ਕੀਤਾ ਸੀ। ਦੇਵਦਰਸ਼ ਦੇ ਮਾਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹਨ। ਉਸ ਨੇ ਪੀਸੀਐਸ ਮੇਨਜ਼ ਪ੍ਰੀਖਿਆ ਵਿੱਚ 662.00 ਤੇ ਇੰਟਰਵਿਊ ਵਿੱਚੋਂ 124.50 ਅੰਕ ਹਨ ਤੇ ਉਨ੍ਹਾਂ ਅੰਕਾਂ ਦੀ ਪ੍ਰਤੀਸ਼ਤਤਾ 52.43 ਬਣੀ ਹੈ। ਦੇਵਦਰਸ਼ ਨੇ ਦੱਸਿਆ ਕਿ ਉਹ 2019 ਲਈ ਆਈਏਐਸ ਦੀ ਤਿਆਰੀ ਵੀ ਕਰ ਰਿਹਾ ਹੈ, ਪਰ ਉਸ ਦਾ ਸਭ ਤੋਂ ਵੱਧ ਝੁਕਾਅ ਆਈਐਫਐਸ ਵਜੋਂ ਸੇਵਾ ਕਰਨ ਵੱਲ ਹੈ।

ਇੰਝ ਹੀ ਦੂਜੇ ਸਥਾਨ ’ਤੇ ਰਹੇ ਜਗਨੂਰ ਸਿੰਘ ਗਰੇਵਾਲ ਨੂੰ 52.33 ਫ਼ੀ ਸਦੀ ਅੰਕ ਹਾਸਲ ਹੋਏ ਹਨ ਤੇ ਉਨ੍ਹਾਂ ਨੇ ਮੇਨਜ਼ ਪ੍ਰੀਖਿਆ ਵਿੱਚ 656.50 ਤੇ ਇੰਟਰਵਿਊ ਵਿੱਚੋਂ 128.50 ਅੰਕ ਹਾਸਲ ਕੀਤੇ ਹਨ। ਪਰਲੀਨ ਕੌਰ ਕਾਲੇਕਾ 52.18 ਫ਼ੀ ਸਦੀ ਅੰਕਾਂ ਨਾਲ ਤੀਜੇ ਸਥਾਨ ਉੱਤੇ ਰਹੇ। ਉਨ੍ਹਾਂ ਨੇ ਮੇਨਜ਼ ਪ੍ਰੀਖਿਆ ਵਿੱਚ 681.00 ਤੇ ਇੰਟਰਵਿਊ ’ਚ 101.67 ਅੰਕ ਹਾਸਲ ਕੀਤੇ ਹਨ।

ਇਸ ਵਾਰ PCS ਪ੍ਰੀਖਿਆ ਪਾਸ ਕਰਨ ਵਾਲਿਆਂ ਦੀ ਗਿਣਤੀ 146 ਰਹੀ ਹੈ। 146ਵੇਂ ਸਥਾਨ ’ਤੇ ਮਨਪ੍ਰੀਤ ਕੌਰ ਰਹੇ ਹਨ, ਜਿਨ੍ਹਾਂ ਮੇਨਜ਼ ਪ੍ਰੀਖਿਆ ’ਚੋਂ 553.50 ਤੇ ਇੰਟਰਵਿਊ ’ਚੋਂ 53.63 ਅੰਕ ਹਾਸਲ ਕੀਤੇ ਹਨ। ਉਨ੍ਹਾਂ ਦੇ ਅੰਕਾਂ ਦੀ ਪ੍ਰਤੀਸ਼ਤਤਾ 40.48 ਹੈ।