ਪਟਿਆਲਾ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਦੇ ਪੁਲਿਸ ਅਧਿਕਾਰੀ ਆਪਣੇ ਕੁੱਤੇ ਕਰਕੇ ਕੁਝ ਇਸ ਤਰ੍ਹਾਂ ਗ਼ੈਰ ਜ਼ਿੰਮੇਵਾਰ ਹੋ ਗਿਆ ਕਿ ਉਸ ਨੇ ਬਾਡੀਗਾਰਡ ਹੀ ਝੰਬ ਦਿੱਤਾ। ਪਰ ਸੇਰ ਨੂੰ ਸਵਾ ਸੇਰ ਟੱਕਰ ਗਿਆ ਕਿਉਂਕਿ ਉਹ ਬਾਡੀਗਾਰਡ ਮੇਅਰ ਦਾ ਨਿੱਕਲਿਆ। ਹੁਣ ਪੁਲਿਸ ਨੇ ਮੇਅਰ ਦੇ ਬਾਡੀਗਾਰਡ ਦੀ ਕੁੱਟਮਾਰ ਦੇ ਇਲਜ਼ਾਮ ਹੇਠ ਉਪ ਪੁਲਿਸ ਕਪਤਾਨ (DSP) ਹਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। 


ਡੀਐਸਪੀ ਉੱਪਰ ਇਲਜ਼ਾਮ ਹੈ ਕਿ ਉਸ ਨੇ ਮੇਅਰ ਸੰਜੀਵ ਸ਼ਰਮਾ ਬਿੱਟੂ ਦੇ ਘਰ ਜਾ ਕੇ ਉਨ੍ਹਾਂ ਦੇ ਅੰਗ ਰੱਖਿਅਕ ਉੱਪਰ ਹੱਥ ਚੁੱਕਿਆ। ਇਹ ਘਟਨਾ ਬੀਤੀ ਨੌਂ ਤਾਰੀਖ ਦੀ ਹੈ, ਪਰ ਹਰਚਰਨ ਸਿੰਘ ਵੱਲੋਂ ਅਗਲੇ ਦਿਨ ਇਸ ਦੀ ਸ਼ਿਕਾਇਤ ਕੀਤੀ ਗਈ। ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ-1 ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਪਟਿਆਲਾ ਮੇਅਰ ਦੇ ਬਾਡੀਗਾਰਡ ਹਰਚਰਨ ਸਿੰਘ ਨੇ ਦੱਸਿਆ ਕਿ ਡੀਐਸਪੀ ਹਰਦੀਪ ਸਿੰਘ ਇੱਕ ਰਾਤ ਆਪਣੇ ਕੁੱਤੇ ਘੁਮਾ ਰਹੇ ਸੀ ਤਾਂ ਉਨ੍ਹਾਂ ਦੋਵਾਂ ਦੀ ਤਕਰਾਰ ਹੋ ਗਈ। ਇਹ ਖਹਿਬਾਜ਼ੀ ਇੰਨੀ ਵੱਧ ਗਈ ਕਿ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।


ਸ਼ਰਮਾ ਨੇ ਦੱਸਿਆ ਕਿ ਹਰਚਰਨ ਸਿੰਘ ਦੇ ਬਿਆਨਾਂ ਮੁਤਾਬਕ ਡੀਐਸਪੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਨੇ ਉਸ ਨੂੰ ਮੇਅਰ ਦੀ ਸਰਕਾਰੀ ਰਿਹਾਇਸ਼ ਅੰਦਰ ਦਾਖ਼ਲ ਹੋ ਕੇ ਕੁੱਟਿਆ। ਉਨ੍ਹਾਂ ਇਹ ਵੀ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਮੁਤਾਬਕ ਡੀਐਸਪੀ ਨੇ ਆਪਣੇ ਕੁੱਤੇ ਕਰਕੇ ਉਸ ਉੱਪਰ ਹੱਥ ਚੁੱਕਿਆ। ਘਟਨਾ ਉਪਰੰਤ ਸੁਰੱਖਿਆ ਕਰਮੀ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਸ ਉਪਰੰਤ ਡੀਐਸਪੀ 'ਤੇ ਕਾਰਵਾਈ ਕੀਤੀ ਗਈ ਹੈ।


ਡੀਐਸਪੀ ਸ਼ਰਮਾ ਨੇ ਦੱਸਿਆ ਕਿ ਘਟਨਾ ਸਬੰਧੀ ਸਿਵਲ ਲਾਈਨਜ਼ ਥਾਣੇ ਵਿੱਚ ਐਫਆਈਆਰ ਨੰਬਰ 64 ਦਰਜ ਕਰ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ, ਚਾਹੇ ਕੋਈ ਅਧਿਕਾਰੀ ਜਾਂ ਰਸੂਖਦਾਰ ਹੋਵੇ ਅਤੇ ਜਾਂ ਕੋਈ ਆਮ ਆਦਮੀ। ਹਾਲਾਂਕਿ, ਹਾਲੇ ਤੱਕ ਮੁਲਜ਼ਮ ਡੀਐਸਪੀ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।  ਕੇਸ ਤਾਂ ਦਰਜ ਹੋ ਗਿਆ ਹੈ, ਪਰ ਹੁਣ ਇਸ ਦਾ ਅੰਜਾਮ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।