ਚੰਡੀਗੜ੍ਹ: 'ਪਟਿਆਲਾ ਹੈਰੀਟੇਜ ਉਤਸਵ-2018' ਦਾ ਉਦਘਾਟਨ ਕੱਲ੍ਹ ਨੂੰ ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਬਾਬਤ ਮੁੱਖ ਮੰਤਰੀ ਖ਼ੁਦ ਨਿਜੀ ਦਿਲਚਸਪੀ ਲੈ ਕੇ ਦਿਸ਼ਾ ਨਿਰਦੇਸ਼ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਉਤਸਵ ਕਰੀਬ 12 ਸਾਲਾਂ ਬਾਅਦ ਹੋ ਰਿਹਾ ਹੈ, ਜਿਸ ਲਈ ਇਸ ਉਤਸਵ ਨੂੰ ਲੈ ਕੇ ਪਟਿਆਲਵੀਆਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਇਸ ਵਿਰਾਸਤੀ ਉਤਸਵ ਦਾ ਮਕਸਦ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਾਡੀ ਵੱਡਮੁੱਲੀ ਵਿਰਾਸਤ, ਸੱਭਿਆਚਾਰ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇਣਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਮੁੱਖ ਮੰਤਰੀ ਇਕ ਵਿਸ਼ੇਸ਼ ਵਿਰਾਸਤੀ ਮਸ਼ਾਲ ਮਾਰਚ ਨੂੰ ਕਿਲਾ ਮੁਬਾਰਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ, ਜੋਕਿ ਅੱਗੇ ਬਰਤਨ ਬਾਜ਼ਾਰ, ਗੁੜ ਮੰਡੀ, ਸ਼ਾਹੀ ਸਮਾਧਾਂ, ਸਮਾਣੀਆਂ ਗੇਟ, ਮਹਿੰਦਰਾ ਕਾਲਜ ਤੋਂ ਹੁੰਦੇ ਹੋਏ ਐਨ.ਆਈ.ਐਸ. ਪੁੱਜ ਕੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ 'ਚ ਉੱਘੇ ਕਲਾਕਾਰ ਪੰਮੀ ਬਾਈ, ਬੀਨੂ ਢਿੱਲੋਂ ਤੇ ਐਮੀ ਵਿਰਕ ਸਮੇਤ ਕੌਮਾਂਤਰੀ ਪਹਿਲਵਾਨ ਪਲਵਿੰਦਰ ਚੀਮਾ ਮਸ਼ਾਲ ਲੈ ਕੇ ਅੱਗੇ ਜਾਣਗੇ। ਇਸ ਤੋਂ ਪਿਛੇ ਟਰਾਲੇ 'ਚ ਜੰਗੇ-ਏ-ਸਾਰਾਗੜ੍ਹੀ ਨੂੰ ਦਰਸਾਉਣ ਲਈ ਉਸੇ ਪੁਰਾਤਨ ਫ਼ੌਜੀ ਵਰਦੀ 'ਚ ਸਜੇ ਸਿਪਾਹੀ ਅਤੇ ਇਨ੍ਹਾਂ ਦੇ ਪਿਛਲੇ ਪਾਸੇ ਪੰਜਾਬ ਦੇ ਪੁਰਾਤਨ ਵਿਰਸੇ ਨੂੰ ਦਰਸਾਉਂਦੀ ਜਾਗੋ 'ਚ ਲੋਕ ਨਾਚ ਗਿੱਧਾ-ਭੰਗੜਾ ਪਾਉਂਦੇ ਵਿਦਿਆਰਥੀ ਸ਼ਾਮਲ ਹੋਣਗੇ। ਇਸ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਲਾ ਮੁਬਾਰਕ ਵਿਖੇ ਹੀ ਇਸ ਵਿਰਾਸਤੀ ਉਤਸਵ ਦਾ ਉਦਘਾਟਨ ਕਰਨਗੇ ਅਤੇ ਇਸੇ ਵੇਲੇ ਉੱਘੇ ਪੰਜਾਬੀ ਸੂਫ਼ੀ ਫ਼ਨਕਾਰ ਮਦਨ ਗੋਪਾਲ ਸਿੰਘ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ। ਇਸ ਸਮੇਂ ਇਮਦਾਦਖ਼ਾਨੀ-ਇਟਾਵਾ ਘਰਾਣਾ ਦੇ ਵਾਰਸ ਤੇ ਉੱਘੇ ਸਿਤਾਰ ਵਾਦਕ ਉਸਤਾਦ ਸੁਜੀਤ ਖ਼ਾਨ ਅਤੇ ਸ਼ਾਸਤਰੀ ਸੰਗੀਤਕਾਰ ਪਦਮ ਭੂਸ਼ਣ ਪੰਡਤ ਉਲਹਾਸ ਕੈਲਾਸ਼ਕਾਰ ਆਪਣੀ ਸੰਗੀਤਕ ਪੇਸ਼ਕਾਰੀ ਦੇਣਗੇ।