ਚੰਡੀਗੜ੍ਹ: ਸੁਖਪਾਲ ਖਹਿਰਾ ਤੇ ਬੈਂਸ ਭਰਵਾਂ ਦੀ ਅਗਵਾਈ ਵਾਲੇ ਪੰਜਾਬ ਜਮਹੂਰੀ ਗੱਠਜੋੜ (ਪੀਡੀਏ) ਨੇ ਆਪਣੇ ਪੱਤੇ ਖੋਲ੍ਹ ਦਿੱਤੇ ਹਨ। ਪੀਡੀਏ ਨੇ ਲੋਕ ਸਭਾ ਚੋਣਾਂ ਲਈ 13 ਵਿੱਚੋਂ 12 ਸੀਟਾਂ ਉੱਤੇ ਸਹਿਮਤੀ ਬਣਾ ਲਈ ਹੈ। ਪੀਡੀਏ ਵਿੱਚ ਦੋ ਖੱਬੀਆਂ ਧਿਰਾਂ ਸੀਪੀਆਈ ਤੇ ਆਰਸੀਪੀਆਈ ਵੀ ਸ਼ਾਮਲ ਹੋ ਗਈਆਂ ਹਨ। ਹੁਣ ਗੱਠਜੋੜ ਵਿੱਚ ਛੇ ਧਿਰਾਂ ਸ਼ਾਮਲ ਹੋ ਗਈਆਂ ਹਨ। ਉਂਝ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣੀ ਵੱਖਰਾ ਰਾਹ ਚੁਣ ਲਿਆ ਹੈ।
ਪੀਡੀਏ ਦੇ ਐਲਾਨ ਮੁਤਾਬਕ ਬਹੁਜਨ ਸਮਾਜ ਪਾਰਟੀ (ਬਸਪਾ) ਨੂੰ ਤਿੰਨ ਹਲਕੇ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ, ਪੰਜਾਬ ਏਕਤਾ ਪਾਰਟੀ ਨੂੰ ਤਿੰਨ ਹਲਕੇ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ, ਲੋਕ ਇਨਸਾਫ਼ ਪਾਰਟੀ ਨੂੰ ਤਿੰਨ ਹਲਕੇ ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ, ਪੰਜਾਬ ਮੰਚ ਨੂੰ ਪਟਿਆਲਾ, ਸੀਪੀਆਈ ਨੂੰ ਫਿਰੋਜ਼ਪੁਰ ਤੇ ਆਰਸੀਪੀਆਈ ਨੂੰ ਗੁਰਦਾਸਪੁਰ ਹਲਕੇ ਮਿਲੇ ਹਨ।
ਸੂਤਰਾਂ ਮੁਤਾਬਕ ਪੀਡੀਏ ਵੱਲੋਂ ਸੱਤ ਉਮੀਦਵਾਰਾਂ ਬਾਰੇ ਫ਼ੈਸਲਾ ਲੈ ਲਿਆ ਗਿਆ ਹੈ ਤੇ ਬਾਕੀ ਉਮੀਦਵਾਰਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਪੰਜਾਬ ਮੰਚ ਵੱਲੋਂ ਆਮ ਆਦਮੀ ਪਾਰਟੀ (ਆਪ) ਦੇ ਮੁਅੱਤਲ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ, ਬਸਪਾ ਵੱਲੋਂ ਵਿਕਰਮ ਸਿੰਘ ਸੋਢੀ ਨੂੰ ਆਨੰਦਪੁਰ ਸਾਹਿਬ, ਸੇਵਾਮੁਕਤ ਆਈਏਐਸ ਅਧਿਕਾਰੀ ਚੌਧਰੀ ਖੁਸ਼ੀ ਰਾਮ ਨੂੰ ਹੁਸ਼ਿਆਰਪੁਰ (ਰਾਖ਼ਵਾਂ ਹਲਕਾ) ਤੇ ਬਲਵਿੰਦਰ ਸਿੰਘ ਜਲੰਧਰ (ਰਾਖ਼ਵਾਂ ਹਲਕਾ), ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰ ਨੂੰ ਫਤਿਹਗੜ੍ਹ ਸਾਹਿਬ (ਰਾਖ਼ਵਾਂ ਹਲਕਾ) ਤੇ ਪੰਜਾਬ ਏਕਤਾ ਪਾਰਟੀ ਵੱਲੋਂ ਬੀਬੀ ਪਰਮਜੀਤ ਕੌਰ ਖਡੂਰ ਸਾਹਿਬ ਤੇ ‘ਆਪ’ ਤੋਂ ਅਸਤੀਫ਼ਾ ਦੇ ਚੁੱਕੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਫਰੀਦਕੋਟ (ਰਾਖ਼ਵਾਂ ਹਲਕਾ) ਤੋਂ ਉਮੀਦਵਾਰ ਬਣਾਇਆ ਜਾਵੇਗਾ। ਇਸੇ ਤਰ੍ਹਾਂ ਪੰਜਾਬੀ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਬਠਿੰਡਾ ਤੋਂ ਚੋਣ ਲੜ ਸਕਦੇ ਹਨ।