ਸ਼ੰਕਰ ਦਾਸ ਦੀ ਰਿਪੋਰਟ


ਚੰਡੀਗੜ੍ਹ : ਪੰਜਾਬ 'ਚ ਕੁਝ ਸਾਲ ਪਹਿਲਾਂ ਪਰਲ ਕੰਪਨੀ ਵੱਲੋਂ ਲੋਕਾਂ ਦੇ ਕਰੋੜਾਂ ਰੁਪਏ ਹੜੱਪ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਨੂੰ ਪਰਲ ਸਕੈਮ ਵੀ ਕਿਹਾ ਜਾਂਦਾ ਹੈ। ਇਸ ’ਚ ਮੱਧ ਵਰਗ ਦੇ ਲੋਕਾਂ ਦਾ ਕਰੋੜਾਂ ਰੁਪਇਆ ਡੁੱਬ ਗਿਆ ਸੀ। ਇਸ ਘਪਲੇ ਦੇ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਮਾਲਕ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜੋ ਹਾਲੇ ਵੀ ਜੇਲ੍ਹ ’ਚ ਹੈ ਪਰ ਲੋਕਾਂ ਦੇ ਪੈਸੇ ਅਜੇ ਤੱਕ ਵਾਪਸ ਨਹੀਂ ਕੀਤੇ।


ਹਾਸਲ ਜਾਣਕਾਰੀ ਅਨੁਸਾਰ ਪਰਲ ਕੰਪਨੀ ਨੇ ਪੰਜਾਬ ਵਿੱਚ ਦਸ ਸਾਲਾਂ ਵਿੱਚ ਸਭ ਤੋਂ ਵੱਧ ਲੋਕਾਂ ਦੀ ਲੁੱਟ ਸੰਗਰੂਰ, ਬਰਨਾਲਾ, ਮਲੇਰਕੋਟਲਾ ਤੇ ਬਠਿੰਡਾ ਵਿੱਚ ਕੀਤੀ ਹੈ। ਕੰਪਨੀ ਨੇ ਮਾਲਵੇ ਦੇ ਇਨ੍ਹਾਂ ਚਾਰ ਜ਼ਿਲ੍ਹਿਆਂ ਵਿੱਚ ਮੋਟੀ ਰਿਟਰਨ ਦਾ ਲਾਲਚ ਦੇ ਕੇ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਸੰਗਰੂਰ ਤੋਂ 2 ਵਾਰ ਸਾਂਸਦ ਭਗਵੰਤ ਮਾਨ ਅਤੇ ਹੁਣ ਸੀਐਮ ਭਗਵੰਤ ਮਾਨ ਹਰ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇਨਸਾਫ਼ ਦਾ ਵਾਅਦਾ ਕਰਦੇ ਹਨ ਪਰ ਅਜੇ ਤੱਕ ਲੋਕਾਂ ਨੂੰ ਇਨਸਾਫ਼ ਨਹੀਂ ਮਿਲਿਆ।

 

ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਚਿੱਟ ਫੰਡ ਕੰਪਨੀ ‘ਪਰਲ’ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਗੱਲ ਦਾ ਪ੍ਰਗਟਾਵਾ ਮਾਨ ਨੇ ਟਵੀਟ ਕਰਕੇ ਕੀਤਾ ਸੀ । ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਨੂੰ ਕਥਿਤ ਤੌਰ ’ਤੇ ਲੁੱਟ ਕੇ ਅਰਬਾਂ ਰੁਪਏ ਦੀ ਚੱਲ-ਅਚੱਲ ਜਾਇਦਾਦ ਬਣਾਉਣ ਵਾਲੀ ਚਿਟ ਫੰਡ ਕੰਪਨੀ ‘ਪਰਲ’ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਇਸ ਸਬੰਧੀ ਵੇਰਵੇ ਜਲਦੀ ਜਨਤਕ ਕੀਤੇ ਜਾਣਗੇ।

ਦੱਸ ਦੇਈਏ ਕਿ ਹੁਣ ਕੰਪਨੀ ਦੀਆਂ ਹਜ਼ਾਰਾਂ ਕਰੋੜ ਰੁਪਏ ਦੀਆਂ ਜਾਇਦਾਦਾਂ ਦੀ ਨਿਲਾਮੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੂੰ ਰਿਪੋਰਟ ਕਰਨ ਵਾਲੀ ਟੀਮ ਨੇ ਜਾਂਚ ਵਿੱਚ ਹੋਰਨਾਂ ਸੂਬਿਆਂ ਨੂੰ ਵੀ ਸ਼ਾਮਲ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਪੰਜਾਬ ਵਿੱਚ ਅਰਬਾਂ ਰੁਪਏ ਦਾ ਲੈਣ-ਦੇਣ ਸੀ। ਇਸ ਮਾਮਲੇ ਵਿੱਚ ਲੋਢਾ ਕਮੇਟੀ ਦੀ ਵੀ ਮਦਦ ਕੀਤੀ ਜਾਵੇਗੀ, ਜੋ ਪਰਲ ਗਰੁੱਪ ਦੀਆਂ ਜਾਇਦਾਦਾਂ ਵੇਚ ਕੇ ਲੋਕਾਂ ਦੇ ਪੈਸੇ ਵਾਪਸ ਕਰ ਰਹੀ ਹੈ।