ਬਠਿੰਡਾ: ਮੋਦੀ ਸਰਕਾਰ ਵੱਲੋਂ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਗਿਆ ਜਿਸ ਦੇ ਚੱਲਦੇ ਦੇਸ਼ ਭਰ ਦੇ ਲੋਕਾਂ 'ਚ ਨਿਰਾਸ਼ਾ ਦਿਖਾਈ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਬਜਟ ਤੋਂ ਬਹੁਤ ਉਮੀਦਾਂ ਸੀ, ਪਰ ਕੁਝ ਨਹੀਂ ਮਿਲਿਆ। ਚੋਣਾਂ ਤੋਂ ਪਹਿਲਾ ਸਭ ਤੋਂ ਵੱਡਾ ਵਾਅਦਾ ਹਿੰਦੁਸਤਾਨ ਦੇ ਕਿਸਾਨਾਂ ਨਾਲ ਕੀਤਾ ਗਿਆ ਸੀ। ਝੋਨਾ ਦਾ ਮੁੱਲ 65 ਰੁਪਏ ਦੇ ਕੇ ਵਾਪਸ ਲੈ ਲਿਆ। ਇਸ ਦੇ ਚੱਲਦੇ ਇੱਕ ਰੁਪਏ ਡੀਜ਼ਲ ਤੇ ਇੱਕ ਰੁਪਏ ਪੈਟਰੋਲ ਮਹਿੰਗਾ ਕੀਤਾ ਗਿਆ।


ਲੋਕਾਂ ਦਾ ਕਹਿਣਾ ਹੈ ਕਿ ਬਜਟ 'ਚ ਕਿਹਾ ਹੈ ਕਿ ਦੇਸ਼ ਨੂੰ ਪ੍ਰਦੂਸ਼ਣ ਮੁਕਤ ਕਰਨਾ ਹੈ। ਉਹ ਜ਼ਿੰਮੇਵਾਰੀ ਸਾਡੇ ਉੱਤੇ ਆਉਣੀ ਹੈ ਕਿਉਂਕਿ ਕਿਸਾਨਾਂ ਨੇ ਝੋਨਾ ਲਾ ਲਿਆ ਹੈ ਤੇ ਉਸ ਤੋਂ ਬਾਅਦ ਪਰਾਲੀ ਜਲਾਈ ਜਾਵੇਗੀ ਪ੍ਰਦੂਸ਼ਣ ਦਾ ਹੱਲ ਕਿੱਥੇ ਹੋਵੇਗਾ? ਅੱਜ ਦਾ ਬਜਟ ਕਿਸਾਨਾਂ ਤੇ ਆਮ ਲੋਕਾਂ ਲਈ ਬਹੁਤ ਖਰਾਬ ਹੈ। ਇਹ ਬਜਟ ਕਿਸਾਨਾਂ ਦਾ ਲੱਕ ਤੋੜੇਗਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਕਿਸਾਨ ਖ਼ੁਦਕੁਸ਼ੀਆਂ ਕਰਨਗੇ।

ਉਧਰ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਇਸ ਨੂੰ ਆਮ ਲੋਕਾਂ ਦੇ ਹੱਕ ਦਾ ਨਹੀਂ ਮੰਨਿਆ। ਉਨ੍ਹਾਂ ਦਾ ਕਹਿਣਾ ਹੈ ਕਿ ਬਜਟ ‘ਚ ਪੈਰਟੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ, ਜੋ ਗਲਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੂੰ ਜੀਐਸਟੀ ਦੇ ਦਾਇਰੇ ‘ਚ ਲਿਆ ਕੇ ਕੀਮਤਾਂ ਘੱਟ ਕਰਨਾ ਸੀ ਪਰ ਹੁਣ ਤੇਲ ਦੀਆਂ ਕੀਮਤਾਂ ‘ਚ ਵਾਧੇ ਕਰਕੇ ਹੋਰ ਚੀਜ਼ਾਂ ‘ਤੇ ਵੀ ਇਸ ਦਾ ਅਸਰ ਪਵੇਗਾ ਤੇ ਮਹਿੰਗਾਈ ਵਧੇਗੀ।

ਇਸ ਦੇ ਨਾਲ ਹੀ ਬਜਟ ਤੋਂ ਮਹਿਲਾ ਵਰਗ ਵੀ ਖੁਸ਼ ਨਹੀਂ ਹੈ ਕਿਉਂਕਿ ਬਜਟ 2019 ‘ਚ ਉਨ੍ਹਾਂ ਦੇ ਲਈ ਵੀ ਕੁਝ ਖਾਸ ਨਹੀਂ ਰਿਹਾ। ਕੋਈ ਅਜਿਹੀ ਵਸਤੂ ਸਸਤੀ ਨਹੀਂ ਕੀਤੀ ਗਈ ਜਿਸ ਨਾਲ ਮਹਿਲਾਵਾਂ ਖੁਸ਼ ਹੋ ਸਕਣ।