ਚੰਡੀਗੜ੍ਹ: ਕੇਸਰੀ ਤੇ ਤਿਰੰਗੇ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਲੀਡਰ ਆਹਮੋ-ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਪੰਜਾਬ ਨੇ ਇੱਕ ਵੀਡੀਓ ਸ਼ੇਅਰ ਕਰਕੇ ਸ਼੍ਰੋਮਣੀ ਅਕਾਲੀ ਦਲ (ਅ) ਉੱਪਰ ਹਮਲਾ ਬੋਲਿਆ ਹੈ। ਆਦਮੀ ਪਾਰਟੀ ਪੰਜਾਬ ਨੇ ਲਿਖਿਆ ਹੈ ਕਿ ਦੋਗਲੇ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ। ਤਿਰੰਗਾ ਸਭ ਦੀ ਆਨ-ਬਾਨ-ਸ਼ਾਨ ਹੈ!


 






ਦੱਸ ਦਈਏ ਕਿ ਗਰਮਖ਼ਿਆਲੀ ਸਿੱਖ ਜਥੇਬੰਦੀਆਂ ਦਲ ਖਾਲਸਾ ਤੇ ਮਾਨ ਦਲ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਜ਼ਾਦੀ ਦਿਵਸ ਮੌਕੇ ਉਲੀਕੀ ਘਰ-ਘਰ ਤਿਰੰਗਾ ਯੋਜਨਾ ਦੇ ਬਰਾਬਰ ਹੁਣ ਸਿੱਖ ਭਾਈਚਾਰੇ ਨੂੰ ਆਪਣੇ ਘਰਾਂ ’ਤੇ ਖਾਲਸਈ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ ਹੈ। ਸਿੱਖ ਜਥੇਬੰਦੀਆਂ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਮੋਗਾ ਵਿੱਚ ਰੋਸ ਮਾਰਚ ਕਰਨ ਦਾ ਵੀ ਐਲਾਨ ਕੀਤਾ ਹੈ। 


ਸਿੱਖ ਜਥੇਬੰਦੀਆਂ-ਦਲ ਖ਼ਾਲਸਾ ਤੇ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂਆਂ ਨੇ ਬੰਦੀ ਸਿੰਘਾਂ, ਬਰਗਾੜੀ-ਬਹਿਬਲ ਕਾਂਡ, ਦਰਬਾਰ ਸਾਹਿਬ ਸਮੇਤ ਬੇਅਦਬੀਆਂ ਦੀਆਂ ਹੋਰਨਾਂ ਘਟਨਾਵਾਂ, ਪਾਣੀਆਂ, ਧਾਰਮਿਕ ਘੱਟਗਿਣਤੀਆਂ ਤੇ ਮੂਲ ਨਿਵਾਸੀਆਂ ਦੇ ਮੁੱਦਿਆਂ ਉਤੇ 15 ਅਗਸਤ ਨੂੰ ਮੋਗਾ ’ਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ। 


ਦਲ ਖ਼ਾਲਸਾ ਦੇ ਆਗੂ ਸਤਨਾਮ ਸਿੰਘ ਪਾਉਂਟਾ ਸਾਹਿਬ, ਕੰਵਰਪਾਲ ਸਿੰਘ, ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਹਰਪਾਲ ਸਿੰਘ ਬਲੇਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 13 ਤੋਂ 15 ਅਗਸਤ ਤੱਕ ‘ਹਰ ਘਰ ਤਿਰੰਗਾ’ ਦੇ ਦਿੱਤੇ ਸੱਦੇ ਦਾ ਵਿਰੋਧ ਕੀਤਾ ਹੈ। 


ਸਿੱਖ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਤਿਰੰਗੇ ਦੀ ਆੜ ਹੇਠ ਅਖੌਤੀ ਰਾਸ਼ਟਰਵਾਦ ਲੋਕਾਂ ਉੱਤੇ ਥੋਪਿਆ ਜਾ ਰਿਹਾ ਹੈ, ਜਿਸ ਨੂੰ ਉਹ ਮੁੱਢੋਂ ਰੱਦ ਕਰਦੇ ਹਨ। ਉਨ੍ਹਾਂ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਨੂੰ ਆਪਣੇ ਘਰਾਂ ’ਤੇ ਖਾਲਸਈ ਝੰਡਾ ਲਹਿਰਾਉਣ ਦਾ ਸੱਦਾ ਦਿੱਤਾ। ਸਿੱਖ ਆਗੂਆਂ ਨੇ 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਵੀ ਦਿੱਤਾ।


 


 


ਵੀਡੀਓ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੰਵਿਧਾਨ ਦੀਆਂ ਸੰਹੁਾਂ ਖਾ ਕੇ ਤਿਰੰਗੇ ਦਾ ਵਿਰੋਧ ਕਰਦੇ ਹਨ। ਇਨ੍ਹਾਂ ਲੀਡਰਾਂ ਦੀਆਂ ਦੁਕਾਨਾਂ ਲੋਕਾਂ ਨੇ ਚੱਲਣ ਨਹੀਂ ਦੇਣੀਆਂ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰੁਜਗਾਰ ਚਾਹੀਦਾ ਹੈ। ਇਲਾਜ ਚਾਹੀਦਾ ਹੈ। ਸਿੱਖਿਆ ਚਾਹੀਦਾ ਹੈ।