ਪਠਾਨਕੋਟ: ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਹਿ ਚੁੱਕੇ ਬਾਲੀਵੁੱਡ ਅਦਾਕਾਰ ਧਰਮਿੰਦਰ ਤੇ ਉਨ੍ਹਾਂ ਦੀ ਪਤਨੀ ਤੇ ਮੌਜੂਦਾ ਐਮਪੀ ਹੇਮਾ ਮਾਲਿਨੀ ਦੇ ਸੰਸਦੀ ਹਲਕਿਆਂ ਕ੍ਰਮਵਾਰ ਬੀਕਾਨੇਰ ਤੇ ਮਥੁਰਾ ਦੇ ਵਸਨੀਕਾਂ ਨੇ ਦਾਅਵਾ ਕੀਤਾ ਹੈ ਦੋਵਾਂ ਨੇ ਕੋਈ ਕੰਮ ਨਹੀਂ ਕੀਤਾ। ਪੰਜਾਬ ਪੁੱਜੇ ਲੋਕਾਂ ਨੇ ਦੋਵਾਂ ਕਲਾਕਾਰ ਤੋਂ ਸਿਆਸਤਦਾਨ ਬਣਨ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ।


ਬੀਕਾਨੇਰ ਦੇ ਰਹਿਣ ਵਾਲੇ ਨਰਿੰਦਰ ਚੌਧਰੀ ਨੇ ਦੱਸਿਆ ਕਿ ਧਰਮਿੰਦਰ ਸਾਲ 2004 ਤੋਂ 2009 ਤਕ ਉਨ੍ਹਾਂ ਦੇ ਐਮਪੀ ਰਹੇ। ਉਨ੍ਹਾਂ ਕਿਹਾ ਕਿ ਧਰਮਿੰਦਰ ਨੇ ਵਾਅਦੇ ਵੱਡੇ-ਵੱਡੇ ਕੀਤੇ ਸਨ ਪਰ ਪੰਜ ਸਾਲਾਂ ਤਕ ਆਪਣੀ ਸ਼ਕਲ ਵੀ ਨਹੀਂ ਦਿਖਾਈ ਤੇ ਨਾ ਹੀ ਕੋਈ ਕੰਮ ਕਰਵਾਇਆ। ਉਂਝ ਧਰਮਿੰਦਰ ਆਪਣੇ ਪੁੱਤਰ ਸੰਨੀ ਦਿਓਲ ਲਈ ਚੋਣ ਪ੍ਰਚਾਰ ਦੌਰਾਨ ਕਹਿ ਚੁੱਕੇ ਹਨ ਕਿ ਉਨ੍ਹਾਂ ਬੀਕਾਨੇਰ ਵਿੱਚ ਪੰਜ ਸਾਲਾਂ ਦੌਰਾਨ ਇੰਨੇ ਕੰਮ ਕਰਵਾਏ ਸਨ ਕਿ ਪਿਛਲੇ 50 ਸਾਲਾਂ 'ਚ ਵੀ ਨਹੀਂ ਸੀ ਕਰਵਾਏ ਗਏ।

ਉੱਧਰ, ਮਥੁਰਾ ਦੇ ਰਹਿਣ ਵਾਲੇ ਰਾਮ ਕੁਮਾਰ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਦੱਸਣ ਲਈ ਜਾਂਦੇ ਸਨ ਤਾਂ ਉਨ੍ਹਾਂ ਦੇ ਪੀਏ ਨੇ ਕਦੇ ਵੀ ਉਨ੍ਹਾਂ ਨੂੰ ਮਿਲਣ ਨਹੀਂ ਦਿੱਤਾ। ਬੀਕਾਨੇਰ ਤੇ ਮਥੁਰਾ ਵਾਸੀਆਂ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਸਾਵਧਾਨ ਕੀਤਾ ਕਿ ਉਹ ਸੰਨੀ ਦਿਓਲ ਨੂੰ ਸੋਚ ਸਮਝ ਕੇ ਵੋਟ ਪਾਉਣ ਕਿਤੇ ਬਾਅਦ ਵਿੱਚ ਖ਼ੁਦ ਨੂੰ ਠੱਗਿਆ ਹੋਇਆ ਮਹਿਸੂਸ ਕਰਨ।