ਚੰਡੀਗੜ੍ਹ: ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੇ ਫ਼ੈਸਲੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਸਿੱਖ ਯਾਤਰੀਆਂ ਵਿੱਚ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਲੋਕ ਇਸ ਫੈਸਲੇ ਤੋਂ ਕਾਫ਼ੀ ਖੁਸ਼ ਹਨ। 'ਏਬੀਪੀ ਸਾਂਝਾ' ਦੀ ਟੀਮ ਨੇ ਲੋਕਾਂ ਨਾਲ ਇਸ ਮੁੱਦੇ 'ਤੇ ਖਾਸ ਗੱਲਬਾਤ ਕੀਤੀ। ਡੇਰਾ ਬਾਬਾ ਨਾਨਕ ਦੀ ਨਗਰ ਕੌਂਸਲ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਜੀ ਦੀ ਸਤਾਰਵੀਂ ਵੰਸ਼ ਵਿਚੋਂ ਪਰਮੀਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਫੈਸਲੇ ਤੋਂ ਬਾਅਦ ਬਹੁਤ ਖ਼ੁਸ਼ੀ ਹੋਈ।


ਡੇਰਾ ਬਾਬਾ ਨਾਨਕ ਦੇ ਲੋਕ ਇਸ ਬਦਲੇ ਆਪਣੀ ਜ਼ਮੀਨ ਵੀ ਹੁਣ ਪਾਕਿਸਤਾਨ ਸਰਕਾਰ ਨਾਲ ਮੁਫ਼ਤ ਵਿੱਚ ਤਬਦੀਲ ਕਰਨ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਜਨਮ ਦਿਹਾੜਾ ਬੜੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਅਤੇ ਉਹ ਸੰਗਤ ਦੀ ਸੇਵਾ ਲਈ ਤਿਆਰ ਬਰ ਤਿਆਰ ਹਨ।


ਗੁਰੂ ਨਾਨਕ ਦੇਵ ਜੀ ਦੇ ਸਤਾਰਵੇਂ ਵੰਸ਼ ਵਿੱਚੋਂ ਹੀ ਬਾਬਾ ਸੁਖਦੀਪ ਸਿੰਘ ਬੇਦੀ ਜਿਨ੍ਹਾਂ ਨੇ ਭਾਰਤ ਪਾਕਿਸਤਾਨ ਬਾਰਡਰ 'ਤੇ ਥੜ੍ਹੇ ਦੀ ਸੇਵਾ ਕਰਵਾ ਕੇ ਲੋਕਾਂ ਨੂੰ ਇੱਕ ਪਲੇਟਫਾਰਮ ਮੁਹੱਈਆ ਕਰਵਾਇਆ ਜਿਸ ਰਾਹੀਂ ਲੋਕ ਦੂਰਬੀਨ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ 'ਏਬੀਪੀ ਸਾਂਝਾ' ਨੇ ਇਸ ਮਾਮਲੇ 'ਤੇ ਕਾਫੀ ਜ਼ਿਆਦਾ ਰੋਲ ਨਿਭਾਇਆ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਾਕਿਸਤਾਨ ਸਰਕਾਰ ਇਸ ਲਾਂਘੇ ਨੂੰ ਖੋਲ੍ਹਣ ਜਾ ਰਹੀ ਹੈ।


ਕੈਨੇਡਾ ਤੋਂ ਆਏ ਸੁਰਿੰਦਰ ਸਿੰਘ ਜੋ ਡੇਰਾ ਬਾਬਾ ਨਾਨਕ ਨਾਲ ਹੀ ਸਬੰਧ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਦੇ ਫੈਸਲੇ ਨਾਲ ਉਹ ਕਾਫੀ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਵੱਸਦੇ ਪੰਜਾਬੀਆਂ ਵਿੱਚ ਇਸ ਮਾਮਲੇ ਨੂੰ ਲੈ ਕੇ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ।


ਮੌਕੇ 'ਤੇ ਪੁੱਜੇ ਕੁਝ ਹੋਰ ਸੱਜਣਾਂ ਨੇ ਵੀ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਇਹ ਇੱਕ ਬਹੁਤ ਵਧੀਆ ਤੇ ਸ਼ਲਾਘਾਯੋਗ ਫ਼ੈਸਲਾ ਹੈ। ਇਸ ਮੌਕੇ ਲੋਕਾਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਚੁੱਕੇ ਕਦਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਵਾਂਗ ਹਾਂ ਪੱਖੀ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਕਿ ਇਹ ਲਾਂਘਾ ਛੇਤੀ ਖੋਲ੍ਹਿਆ ਜਾਵੇ।