ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਦੀ ਤਿਕਾਬ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਗਈ ਹੈ। ਹੁਣ ਬਾਰ੍ਹਵੀਂ ਜਮਾਤ ਦੀ ਦੂਜਾ ਅਧਿਆਇ ‘ਗੁਰੂ ਨਾਨਕ ਸਾਹਬ: ਇੱਕ ਨਵਾਂ ਧਰਮ ਤੇ ਨਵਾਂ ਪੰਥ’ ਬੋਰਡ ਨੇ ਵੈਬਸਾਈਟ ’ਤੇ ਅਪਲੋਡ ਕੀਤਾ ਹੈ, ਉਸ ਵਿੱਚ ਖੱਤਰੀ ਤੇ ਬ੍ਰਾਹਮਣ ਜਾਤੀ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਨ ਦੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਹਨ।

ਅਧਿਆਇ ਦੇ 3.2 ਹਿੱਸੇ ਵਿੱਚ ਦੋਵਾਂ ਜਾਤੀਆਂ ਨੂੰ ਦਮਨਕਾਰੀ ਸ਼ਾਸਕਾਂ ਦਾ ਹਿੱਸਾ ਬਣਨ ਸਬੰਧੀ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਅਧਿਆਇ ਨੰਬਰ 6.3 ਵਿੱਚ ਇਸਦੇ ਉਲਟ ਖੱਤਰੀ ਸਮਾਜ ਨੂੰ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂਆਂ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਦੋਵੇਂ ਗੱਲਾਂ ਵਿਰੋਧੀ ਹਨ। ਇਸਦੇ ਨਾਲ ਵਿਦਿਆਰਥੀਆਂ ਵਿੱਚ ਜਾਤੀਆਂ ਸਬੰਧੀ ਨਫ਼ਰਤ ਦੇ ਆਸਾਰ ਹਨ। ਉੱਧਰ ਅਧਿਆਪਕ ਵੀ ਪ੍ਰੇਸ਼ਾਨ ਹਨ ਕਿ ਆਖ਼ਰ ਉਹ ਕਿਸ ਪਹਿਲੂ ਨੂੰ ਸਹੀ ਮੰਨਣ।

ਕਿਤਾਬ ਦੇ ਦੂਜੇ ਪਾਠ ਦਾ ਨਾਂ ਗੁਰੂ ਨਾਨਕ ਸਾਹਬ: ਇੱਕ ਨਵਾਂ ਧਰਮ ਤੇ ਨਵਾਂ ਪੰਥ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਪੂਰੇ ਪਾਠ ਵਿੱਚ ਉਨ੍ਹਾਂ ਦੇ ਹੀ ਜੀਵਨ, ਪਰਿਵਾਰ ਜਾਂ ਉਦਾਸੀਆਂ ਬਾਰੇ ਕੋਈ ਵੇਰਵਾ ਨਹੀਂ, ਬੱਸ ਇੱਕ ਡੱਬੇ ਵਿੱਚ ਥੋੜੀ ਜਿਹੀ ਜਾਣਕਾਰੀ ਨਾਲ ਹੀ ਸਾਰਿਆ ਗਿਆ ਹੈ, ਜਦਕਿ ਗੁਰੂ ਨਾਨਕ ਦੇਵ ਜੀ ਬਾਰੇ ਦੱਸਿਆ ਜਾਣਾ ਬੇਹੱਦ ਜ਼ਰੂਰੀ ਹੈ।

ਕਿਤਾਬ ਦੇ ਇੰਗਲਿਸ਼ ਐਡੀਸ਼ਨ ਵਿੱਚ ਗੁਰੂ ਨਾਨਕ ਦੇਵ ਜੀ ਨੂੰ ‘ਗੁਰੂ ਨਾਨਕ’ ਹੀ ਲਿਖਿਆ ਗਿਆ ਹੈ ਤੇ ਗੁਰਬਾਣੀ ਦੀਆਂ ਤੁਕਾਂ ਵਿੱਚ ਵੀ ਕਈ ਗ਼ਲਤੀਆਂ ਹਨ, ਜਦਕਿ ਹਿੰਦੀ ਐਡੀਸ਼ਨ ਅਜੇ ਉਪਲਬਧ ਹੀ ਨਹੀਂ ਕਰਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਬਾਰੇ ਵਿਵਾਦ ਉੱਠਿਆ ਸੀ, ਜਿਸ 'ਤੇ ਬਣੀ ਸਰਕਾਰੀ ਕਮੇਟੀ ਨੇ ਕਿਤਾਬ ਨੂੰ ਗ਼ਲਤ ਠਹਿਰਾ ਦਿੱਤਾ ਸੀ। ਹੁਣ ਨਹੀਂ ਕਿਤਾਬ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।