ਚੰਡੀਗੜ੍ਹ: ਪੰਜਾਬ ਰਾਜ ਯੋਜਨਾ ਬੋਰਡ ਦੀ ਵਾਈਸ ਚੇਅਰਮੈਨ ਰਜਿੰਦਰ ਕੌਰ ਭੱਠਲ ’ਤੇ ਸਰਕਾਰ ਲਗਾਤਾਰ ਮਿਹਰਬਾਨ ਹੋ ਰਹੀ ਹੈ। ਪਹਿਲਾਂ ਉਨ੍ਹਾਂ ਦੇ ਸਰਕਾਰੀ ਨਿਵਾਸ ਸਥਾਨ ਸਬੰਧੀ ਮਿਹਰਬਾਨੀ ਕੀਤੀ ਗਈ ਤੇ ਹੁਣ ਉਨ੍ਹਾਂ ਦੇ ਪੰਜਾਬ ਸਿਵਲ ਸਕੱਤਰੇਤ ਵਿੱਚ ਉਨ੍ਹਾਂ ਨੂੰ ਕਮਰਾ ਅਲਾਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਭੱਠਲ ਨੂੰ ਸਿਵਲ ਸਕੱਤਰੇਤ ਵਿੱਚ 7ਵੀਂ ਮੰਜ਼ਲ 'ਤੇ ਕਮਰਾ ਨੰਬਰ 19 ਅਲਾਟ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਪਰ ਸਕੱਤਰੇਤ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਜੇ ਨਿਯਮ ਵੇਖੇ ਜਾਣ ਤਾਂ ਸਕੱਤਰੇਤ ਵਿੱਚ ਕਮਰਾ ਸਿਰਫ ਮੁੱਖ ਮੰਤਰੀ, ਮੰਤਰੀਆਂ, ਆਈਏਐਸ ਅਧਿਕਾਰੀਆਂ ਜਾਂ ਪੀਸੀਐਸ ਅਧਿਕਾਰੀਆਂ ਨੂੰ ਹੀ ਦਿੱਤਾ ਜਾ ਸਕਦਾ ਹੈ, ਕਿਸੇ ਵੀ ਬੋਰਡ ਜਾਂ ਨਿਗਮ ਦੇ ਚੇਅਰਮੈਨ ਨੂੰ ਨਹੀਂ।


ਹਾਲਾਂਕਿ ਸਰਕਾਰ ਨੇ ਭੱਠਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਹੋਇਆ ਹੈ, ਪਰ ਇਸਦੇ ਬਾਵਜੂਦ ਉਨ੍ਹਾਂ ਨੂੰ ਸਕੱਤਰੇਤ ਵਿੱਚ ਕਮਰਾ ਅਲਾਟ ਨਹੀਂ ਕੀਤਾ ਜਾ ਸਕਦਾ। ਅਧਿਕਾਰੀਆਂ ਮੁਤਾਬਕ ਜੇ ਯੋਜਨਾ ਬੋਰਡ ਦਾ ਦਫ਼ਤਰ ਨਹੀਂ ਬਣਿਆ ਹੁੰਦਾ ਤਾਂ ਉਨ੍ਹਾਂ ਨੂੰ  ਸਕੱਤਰੇਤ ਵਿੱਚ ਕਮਰਾ ਅਲਾਟ ਕੀਤੇ ਜਾਣ ਸਬੰਧੀ ਵਿਚਾਰ ਕੀਤਾ ਜਾ ਸਕਦਾ ਸੀ। ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਯੋਜਨਾ ਬੋਰਡ ਦੇ ਇੱਕ ਚੇਅਰਮੈਨ ਨੂੰ ਪੰਜਾਬ ਸਕੱਤਰੇਤ ਵਿੱਚ ਕਮਰਾ ਦਿੱਤਾ ਜਾ ਚੁੱਕਾ ਹੈ। ਪਰ ਉਸ ਸਮੇਂ ਯੋਜਨਾ ਬੋਰਡ ਦਾ ਦਫ਼ਤਰ ਬਣ ਕੇ ਤਿਆਰ ਨਹੀਂ ਹੋਇਆ ਸੀ। ਹੁਣ ਬੋਰਡ ਦਾ ਦਫ਼ਤਰ ਹੁੰਦਿਆਂ ਹੋਇਆਂ ਭੱਠਲ ਨੂੰ ਸਕੱਤਰੇਤ ਵਿੱਚ ਕਮਰਾ ਅਲਾਟ ਕਰਨ ਸਬੰਧੀ ਸਵਾਲ ਉੱਠ ਰਹੇ ਹਨ।

ਯੋਜਨਾ ਬੋਰਡ ਦਾ ਦਫ਼ਤਰ ਚੰਡੀਗੜ੍ਹ ਦੇ ਸੈਕਟਰ 33 ਵਿੱਚ ਬਣਿਆ ਹੋਇਆ ਹੈ ਜਿੱਥੇ ਚੇਅਰਮੈਨ ਤੇ ਵਾਈਸ ਚੇਅਰਮੈਨ ਦਾ ਕਮਰਾ ਬਣਿਆ ਹੈ। ਵਾਈਸ ਚੇਅਰਮੈਨ ਭੱਠਲ ਨੂੰ ਕਾਫੀ ਸਮੇਂ ਤੋਂ ਪੰਜਾਬ ਸਕੱਤਰੇਤ ਵਿੱਚ ਕਮਰਾ ਅਲਾਟ ਕੀਤੇ ਜਾਣ ’ਤੇ ਵਿਵਾਦ ਚੱਲ ਰਿਹਾ ਸੀ।

ਆਪਣੇ ਸਰਕਾਰੀ ਘਰ ਸਬੰਧੀ ਵੀ ਭੱਠਲ ਚਰਚਾਵਾਂ ਦਾ ਵਿਸ਼ਾ ਰਹਿ ਚੁੱਕੇ ਹਨ। ਕੁਝ ਸਮਾਂ ਪਹਿਲਾਂ ਸਰਕਾਰੀ ਘਰ ਦਾ ਕਿਰਾਇਆ ਸਰਕਾਰ ਵੱਲੋਂ ਰਿਫੰਡ ਕਰਨ ਦੇ ਮਾਮਲੇ ਪਿੱਛੋਂ ਉਹ ਚਰਚਾ ਵਿੱਚ ਆ ਗਏ ਸਨ। ਇਸ ਮਾਮਲੇ ਸਬੰਧੀ ਵਿਰੋਧੀ ਧਿਰ ਨੇ ਵੀ ਸਰਕਾਰ ਨੂੰ ਆੜੇ ਹੱਥੀਂ ਲਿਆ ਸੀ।

ਇਸ ਸਬੰਧੀ ਭੱਠਲ ਨੇ ਕਿਹਾ ਕਿ ਯੋਜਨਾ ਬੋਰਡ ਦੀ ਇੱਕ ਬੈਠਕ ਹੋ ਚੁੱਕੀ ਹੈ ਤੇ ਹੁਣ ਉਹ ਦੂਜੀ ਮੀਟਿੰਗ ਵੀ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਕੱਤਰੇਤ ਵਿੱਚ ਵਾਈਸ ਚੇਅਰਮੈਨ ਦਾ ਦਫ਼ਤਰ ਰਹਿ ਚੁੱਕਾ ਹੈ ਤੇ ਹੁਣ ਉਹ ਵੀ ਇਸੇ ਦਫ਼ਤਰ ਵਿੱਚ ਕੰਮ ਕਰਨਗੇ।