ਚੰਡੀਗੜ੍ਹ: ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਨੇ ਪੰਜਾਬ ਨੂੰ ਇੱਕ ਵਾਰ ਫਿਰ ਅਲਰਟ ਮੋਡ ਵਾਲੀ ਸਥਿਤੀ 'ਚ ਲਿਆ ਦਿੱਤਾ ਹੈ, ਉੱਥੇ ਹੀ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਹੀ ਟਰੇਸ ਨਾ ਕਰਨ ਕਰਕੇ ਪੰਜਾਬ ਦੀ ਚਿੰਤਾ ਵਧ ਗਈ ਹੈ, ਕਿਉਂਕਿ ਲਿਸਟ 'ਚ ਜ਼ਿਆਦਾਤਰ ਯਾਤਰੀਆਂ ਦੇ ਮੋਬਾਈਲ ਨੰਬਰ ਵਿਦੇਸ਼ ਤੋਂ ਹਨ ਤੇ ਕਈਆਂ ਦੇ ਘਰ ਦਾ ਪਤਾ ਵੀ ਅਧੂਰਾ ਹੈ। ਉਂਝ ਰਾਹਤ ਦੀ ਖਬਰ ਹੈ ਕਿ ਅਜੇ ਤੱਕ ਪੰਜਾਬ ਵਿੱਚੋਂ ਕੋਈ ਵੀ ਓਮੀਕ੍ਰੋਨ ਕੇਸ ਨਹੀਂ ਮਿਲਿਆ।

22 ਜ਼ਿਲ੍ਹਿਆਂ ਦੀ ਰਿਪੋਰਟ ਅਨੁਸਾਰ ਪਿਛਲੇ 16 ਦਿਨਾਂ 'ਚ 9946 ਲੋਕ ਵਿਦੇਸ਼ਾਂ ਤੋਂ ਪਰਤੇ ਹਨ। ਇਨ੍ਹਾਂ 'ਚੋਂ 1996 ਹਾਈ ਰਿਸਕ ਵਾਲੇ ਦੇਸ਼ਾਂ ਤੋਂ ਆਏ ਹਨ। ਰਾਹਤ ਦੀ ਗੱਲ ਇਹ ਹੈ ਕਿ 1624 ਲੋਕਾਂ ਦੀ ਦੂਜੀ ਜਾਂਚ ਰਿਪੋਰਟ ਵੀ ਨੈਗੇਟਿਵ ਆਈ ਹੈ। ਇਸ ਸਮੇਂ ਇਨ੍ਹਾਂ ਵਿੱਚੋਂ 2 ਕਪੂਰਥਲਾ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਜਲੰਧਰ 'ਚ 1-1 ਸੰਕਰਮਿਤ ਪਾਇਆ ਗਿਆ ਹੈ। ਉਨ੍ਹਾਂ ਦੀ ਜੀਨੋਮ ਸੀਕਵੈਂਸਿੰਗ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਲੋਕ ਓਮੀਕ੍ਰੋਨ ਤੋਂ ਪੀੜਤ ਹਨ ਜਾਂ ਕਿਸੇ ਹੋਰ ਕਿਸਮ ਦੇ ਮਰੀਜ਼ ਹਨ।

ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਵਿਦੇਸ਼ਾਂ ਤੋਂ ਆਏ 428 ਲੋਕ ਲਾਪਤਾ ਹਨ। ਇਨ੍ਹਾਂ 'ਚ ਪਟਿਆਲਾ ਤੋਂ 330, ਨਵਾਂਸ਼ਹਿਰ ਤੋਂ 60, ਜਲੰਧਰ ਤੋਂ 30 ਤੇ ਬਠਿੰਡਾ ਤੋਂ 8 ਯਾਤਰੀ ਸ਼ਾਮਲ ਹਨ। ਇਨ੍ਹਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਬਠਿੰਡਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾ. ਯਾਦਵਿੰਦਰ ਸਿੰਘ ਨੇ ਦੱਸਿਆ ਕਿ 8 ਲਾਪਤਾ ਵਿਅਕਤੀਆਂ ਦੀ ਸੂਚੀ ਐਸਐਸਪੀ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਦੇ ਨੰਬਰ ਤੇ ਪਤੇ ਉਪਲੱਬਧ ਨਹੀਂ ਹਨ। ਹਾਲਾਂਕਿ ਉਹ ਘੱਟ ਜ਼ੋਖ਼ਮ ਵਾਲੇ ਦੇਸ਼ਾਂ ਤੋਂ ਆਏ ਹਨ।

ਜਲੰਧਰ 'ਚ 15 ਦਿਨਾਂ 'ਚ ਵਿਦੇਸ਼ਾਂ ਤੋਂ 630 ਯਾਤਰੀ ਆਏ। ਹਾਈ ਰਿਸਕ ਵਾਲੇ ਦੇਸ਼ਾਂ ਤੋਂ ਆਏ 277 ਯਾਤਰੀਆਂ ਨੂੰ ਕੁਆਰੰਟੀਨ ਕੀਤਾ ਗਿਆ ਹੈ, ਜਿਨ੍ਹਾਂ 'ਚ ਕੁੱਲ 90 ਲੋਕਾਂ ਦੇ ਹਵਾਈ ਅੱਡੇ ਤੋਂ ਪਹੁੰਚਣ ਦੇ ਸਮੇਂ ਤੋਂ 8 ਦਿਨ ਪੂਰੇ ਕਰਨ ਤੋਂ ਬਾਅਦ ਸੈਂਪਲ ਲਏ ਗਏ ਹਨ। ਲਗਪਗ 510 ਲੋਕਾਂ ਦਾ ਪਤਾ ਲਗਾਇਆ ਗਿਆ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ 'ਚ ਕੁਆਰੰਟੀਨ ਕੀਤਾ ਗਿਆ ਹੈ। 30 ਲੋਕ ਲਾਪਤਾ ਹਨ। ਇਟਲੀ ਦੇ ਇਕ 47 ਸਾਲਾ ਵਿਅਕਤੀ 'ਚ ਲਾਗ ਦੀ ਪੁਸ਼ਟੀ ਹੋਈ, ਜੀਨੋਮ ਸੀਕਵੈਂਸਿੰਗ ਲਈ ਸੈਂਪਲ ਭੇਜੇ ਗਏ ਹਨ।

ਅੰਮ੍ਰਿਤਸਰ 'ਚ 350 ਓਮੀਕ੍ਰੋਨ ਦੇ ਹਾਈ ਰਿਸਕ ਵਾਲੇ ਦੇਸ਼ਾਂ ਤੋਂ ਆਏ ਹਨ। ਏਅਰਪੋਰਟ ਅਥਾਰਿਟੀ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਇਨ੍ਹਾਂ ਵਿੱਚੋਂ 350 ਸੈਂਪਲ ਦੁਬਾਰਾ ਲਏ ਗਏ ਸਨ, ਪਰ 119 ਨੈਗੇਟਿਵ ਪਾਏ ਗਏ ਸਨ। ਜਦੋਂ ਕਿ ਇਨ੍ਹਾਂ 'ਚੋਂ ਇਕ ਪਹਿਲਾਂ ਹਵਾਈ ਅੱਡੇ ਦੀ ਜਾਂਚ ਅਤੇ ਵਿਭਾਗ ਦੀ ਜਾਂਚ 'ਚ ਵੀ ਪੌਜ਼ੇਟਿਵ ਆਇਆ ਹੈ। ਅਜੇ ਵੀ 231 ਲੋਕ ਅਜਿਹੇ ਹਨ ਜਿਨ੍ਹਾਂ ਦਾ 7 ਦਿਨਾਂ ਦਾ ਹੋਮ ਆਈਸੋਲੇਸ਼ਨ ਸਮਾਂ ਪੂਰਾ ਨਹੀਂ ਹੋਇਆ ਹੈ।


ਇਹ ਵੀ ਪੜ੍ਹੋ: ਓਮੀਕ੍ਰੋਨ ਬਾਰੇ ਰਿਸਰਚ 'ਚ ਵੱਡਾ ਦਾਅਵਾ! ਡੈਲਟਾ ਨਾਲੋਂ 70 ਗੁਣਾ ਤੇਜ਼ੀ ਨਾਲ ਫ਼ੈਲਦਾ ਓਮੀਕ੍ਰੋਨ, ਇਸ ਮਾਮਲੇ 'ਚ ਵੱਡੀ ਰਾਹਤ





ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:





https://play.google.com/store/apps/details?id=com.winit.starnews.hin



 





https://apps.apple.com/in/app/abp-live-news/id811114904