ਬਰਨਾਲਾ: ਜ਼ਿਲ੍ਹੇ ਦੇ ਪਿੰਡ ਚੀਮਾ ਦੇ ਲੋਕਾਂ ਨੇ ਨਸ਼ੇ ਦੇ ਖ਼ਿਲਾਫ਼ ਇੱਕਜੁੱਟ ਹੁੰਦੇ ਹੋਏ ਸਰਕਾਰ ਤੇ ਪੁਲਿਸ ਤੋਂ ਉਮੀਦ ਛੱਡ ਕੇ ਆਪਣੇ ਪੱਧਰ ਤੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਯਤਨ ਸ਼ੁਰੂ ਕਰ ਦਿੱਤਾ ਹੈ। ਇਸ ਲਈ ਪਿੰਡ ਵਾਲਿਆਂ ਵੱਲੋਂ ਨਸ਼ਾ ਵਿਰੋਧੀ ਸੰਗਠਨ ਬਣਾਇਆ ਗਿਆ ਹੈ ਜਿਸ ਵਿੱਚ ਪਿੰਡ ਦੇ ਕਈ ਕਲੱਬਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਪਿੰਡ ਦੀ ਸਾਂਝੀ ਜਗ੍ਹਾ 'ਤੇ ਰੱਖੇ ਗਏ ਇਕੱਠ ਦੌਰਾਨ ਪਿੰਡ ਦਾ ਨਸ਼ੇ ਵਿੱਚ ਗਲਤਾਨ ਨੌਜਵਾਨ ਵੀ ਸ਼ਾਮਲ ਹੋਇਆ ਤੇ ਇਸ ਮੌਕੇ ਉਸ ਨੇ ਪਿੰਡ ਵਾਲਿਆਂ ਸਾਹਮਣੇ ਸਾਰੇ ਖ਼ੁਲਾਸੇ ਕੀਤੇ ਕਿ ਉਹ ਨਸ਼ਾ ਕਿੱਥੋਂ ਲੈ ਕੇ ਆਉਂਦਾ ਹੈ ਤੇ ਕਿਵੇਂ ਇਸ ਦੀ ਅੱਗੇ ਸਪਲਾਈ ਹੁੰਦੀ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਨਸ਼ੇ ਦਾ ਆਦੀ ਹੈ ਤੇ ਕਈ ਵਾਰ ਉਸ ਨੇ ਨਸ਼ਾ ਛੱਡਣ ਦੀ ਕੋਸ਼ਿਸ਼ ਵੀ ਕੀਤੀ। ਇਸ ਲਈ ਉਹ ਨਸ਼ਾ ਛੁਡਾਊ ਕੇਂਦਰਾਂ ਵਿੱਚ ਵੀ ਭਰਤੀ ਹੋਇਆ ਪਰ ਉੱਥੇ ਇਲਾਜ ਕਰਨ ਦੀ ਥਾਂ ਤੇ ਉਨ੍ਹਾਂ ਦੀ ਲੁੱਟ ਕੀਤੀ ਜਾਂਦੀ ਹੈ। ਉਸ ਨੇ ਕਿਹਾ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੀੜਤਾਂ ਨੂੰ ਨਜਾਇਜ਼ ਤੰਗ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: ਸਿੱਖੀ ਕਿਰਦਾਰ ਵਿੱਚ ਨਜ਼ਰ ਆਏ Akshay kumar, ਸੋਸ਼ਲ ਮੀਡੀਆ 'ਤੇ ਵਿਰੋਧ, ਕਿਹਾ ਨਾ ਕਰੋ...
ਇਸ ਮੌਕੇ ਪਿੰਡ ਵਾਲਿਆਂ ਨੇ ਕਿਹਾ ਕਿ ਸਾਰੀਆਂ ਸਰਕਾਰਾਂ ਨਸ਼ਾ ਖ਼ਤਮ ਕਰਨ ਵਿੱਚ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਈਆਂ ਹਨ ਜਿਸ ਦੇ ਕਾਰਨ ਹੁਣ ਪਿੰਡ ਵਾਲਿਆਂ ਨੂੰ ਹੀ ਇਕੱਠਾ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਸੰਗਠਨ ਦਾ ਮੁੱਖ ਮਕਸਦ ਪਿੰਡ ਦੇ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਨਸ਼ਾ ਛੱਡਣ ਵਾਲੇ ਪੀੜਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।
ਸੰਗਠਨ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਸੇ ਪਾਸੇ ਨਸ਼ੇ ਦਾ ਸੰਕਟ ਬੁਰੀ ਤਰ੍ਹਾਂ ਨਾਲ ਫੈਲਿਆ ਹੋਇਆ ਹੈ ਤੇ ਉਨ੍ਹਾਂ ਦੇ ਪਿੰਡ ਦੇ ਕਈ ਨੌਜਵਾਨ ਇਸ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਹਨ ਜਿਸ ਕਰਕੇ ਪਿੰਡ ਵਾਲਿਆਂ ਨੂੰ ਇਸ ਅਲਾਮਤ ਖ਼ਿਲਾਫ਼ ਇਕੱਠਾ ਹੋਣਾ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਜੇ ਕੋਈ ਵੀ ਪਿੰਡ ਵਿੱਚ ਨਸ਼ਾ ਵੇਚਦਾ ਵਿਖਾਈ ਦਿੱਤਾ ਤਾਂ ਉਸ ਨਾਲ ਸਖ਼ਤ ਨਾਲ ਨਜਿੱਠਿਆ ਜਾਵੇਗਾ।