ਚੰਡੀਗੜ੍ਹ: ਅਗਲੇ ਸਾਲ ਹੋਣ ਜਾ ਰਹੀਆਂ ਚੋਣਾਂ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਮਹਿਲਾਵਾਂ ਨੂੰ ਖੁਸ਼ ਕਰਨ ਲਈ ਫਰੀ ਬੱਸ ਸਫਰ ਦਾ ਐਲਾਨ ਕੀਤਾ ਹੈ। ਬੇਸ਼ੱਕ ਇਸ ਤੋਂ ਔਰਤਾਂ ਤਾਂ ਖੁਸ਼ ਹਨ ਪਰ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ ਮੁਸ਼ਕਲਾਂ ਵਧ ਗਈ ਹੈ। PRTC ਨੂੰ ਸਿਰਫ 20 ਦਿਨਾਂ ਵਿੱਚ 11 ਕਰੋੜ 60 ਲੱਖ ਰੁਪਏ ਦੇ ਨੁਕਸਾਨ ਹੋਇਆ ਹੈ।
ਹੁਣ ਪੀਆਰਟੀਸੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ 15 ਅਪਰੈਲ ਤੱਕ 58 ਲੱਖ ਰੁਪਏ ਪ੍ਰਤੀ ਦਿਨ ਅਦਾ ਕਰਨ ਦੀ ਮੰਗ ਕੀਤੀ ਹੈ। ਪੀਆਰਟੀਸੀ ਨੇ ਮਹੀਨੇ ਦੇ ਅਖੀਰ ਵਿੱਚ ਖੜ੍ਹੇ ਤਨਖਾਹ ਤੇ ਪੈਨਸ਼ਨ ਦੇ ਖਰਚਿਆਂ ਦਾ ਹਵਾਲਾ ਦਿੱਤਾ ਹੈ। ਇਸ ਤੋਂ ਇਲਾਵਾ ਕਾਰਪੋਰੇਸ਼ਨ ਨੇ ਭਵਿੱਖ ਵਿੱਚ ਮੁਫਤ ਬੱਸ ਯਾਤਰਾ ਲਈ ਅਗਾਊਂ ਅਦਾਇਗੀ ਲਈ ਬੇਨਤੀ ਕੀਤੀ ਹੈ।
ਦੱਸ ਦਈਏ ਕਿ ਪੀਆਰਟੀਸੀ ਪਹਿਲਾਂ ਤੋਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੀ ਹੈ। ਔਰਤਾਂ ਲਈ ਮੁਫਤ ਬੱਸ ਸਰਵਿਸ ਨਾਲ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪੰਜਾਬ ਸਰਕਾਰ ਦੇ ਮਹਿਲਾਵਾਂ ਲਈ ਫਰੀ ਸਫਰ ਦੇ ਐਲਾਨ ਕਰਕੇ ਰੋਡਵੇਜ਼ ਨੂੰ ਰੋਜਾਨਾ ਕਰੀਬ 58 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਹ ਘਾਟਾ ਹੋਰ ਵੀ ਵਧਣ ਦਾ ਖਦਸ਼ਾ ਹੈ। ਪੀਆਰਟੀਸੀ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਹ ਘਾਟਾ 65 ਲੱਖ ਤੋਂ ਵੀ ਪਾਰ ਹੋ ਜਾਵੇਗਾ।
ਅਜਿਹੇ ‘ਚ ਪੀਆਰਟੀਸੀ ਨੂੰ ਆਪਣੇ ਮੁਲਾਜ਼ਮਾਂ ਨੂੰ ਸੈਲਰੀ ਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣਾ ਵੀ ਭਾਰੀ ਪੈ ਰਿਹਾ ਹੈ। ਦੱਸ ਦਈਏ ਕਿ ਸੂਬਾ ਸਰਕਾਰ ਨੇ ਪਹਿਲੀ ਅਪਰੈਲ ਤੋਂ ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਸਫ਼ਰ ਫਰੀ ਕਰ ਦਿੱਤੀ ਸੀ। ਇਸ ਦੇ ਨਾਲ ਹੀ ਬੱਸਾਂ ‘ਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧ ਗਈ ਹੈ। ਇਸ ਨਾਲ ਹੀ ਪੀਆਰਟੀਸੀ ਨੂੰ ਹੋਣ ਵਾਲੇ ਨੁਕਸਾਨ ਦੇ ਅੰਕੜੇ ਵਧ ਗਏ।
ਪਹਿਲੀ ਤੋਂ 20 ਅਪਰੈਲ ਤਕ ਪੀਆਰਟੀਸੀ ਨੂੰ ਕਰੀਬ 11 ਕਰੋੜ 60 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਹੈ। ਇਸ ਦਾ 30 ਅਪ੍ਰੈਲ ਤਕ 12.40 ਕਰੋੜ ਤਕ ਪਹੁੰਚਣ ਦਾ ਅਨੁਮਾਨ ਹੈ। ਕਾਰਪੋਰੇਸ਼ਨ ਨੂੰ ਪੈਣ ਵਾਲੇ ਘਾਟੇ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਇਸ ਸੁਵਿਧਾ ਤੋਂ ਪਹਿਲਾਂ ਕਾਰਪੋਰੇਸ਼ਨ ਦੀਆਂ ਬੱਸਾਂ ਦੀ ਰੋਜ਼ਾਨਾ ਆਮਦਨ ਇੱਕ ਕਰੋੜ 35 ਲੱਖ ਸੀ ਜੋ ਹੁਣ ਘੱਟ ਕੇ 77 ਲੱਖ ਰੁਪਏ ਹੀ ਰਹੀ ਗਈ ਹੈ।
ਇਹ ਵੀ ਪੜ੍ਹੋ: Corona Vaccination: ਕੋਰੋਨਾ ਦੇ ਕਹਿਰ 'ਚ ਕੈਪਟਨ ਅਮਰਿੰਦਰ ਦਾ ਵੱਡਾ ਐਲਾਨ, ਕੇਂਦਰ ਦੇ ਟਾਲਾ ਵੱਟਣ ਮਗਰੋਂ ਲਿਆ ਫੈਸਲਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin