Petrol Diesel Price: ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ। ਕੇਂਦਰ ਨੇ ਪੈਟਰੋਲ 'ਤੇ 8 ਰੁਪਏ ਤੇ ਡੀਜ਼ਲ 'ਤੇ 6 ਰੁਪਏ ਟੈਕਸ ਘਟਾਇਆ ਹੈ। ਇਸ ਤੋਂ ਬਾਅਦ ਪੈਟਰੋਲ 9.50 ਰੁਪਏ ਤੇ ਡੀਜ਼ਲ 7 ਰੁਪਏ ਸਸਤਾ ਹੋ ਗਿਆ ਹੈ। ਕੇਂਦਰ ਸਰਕਾਰ ਦੇ ਇਸ ਐਲਾਨ ਤੋਂ ਬਾਅਦ ਹੁਣ ਰਾਜਸਥਾਨ ਤੇ ਕੇਰਲ ਸਰਕਾਰਾਂ ਨੇ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਸੀਐਮ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਵੀ ਟੈਕਸ ਘੱਟ ਕਰਨ।

ਵੇਖੋ, ਕਿਸ ਸੂਬੇ 'ਚ ਕਿੰਨੀਆਂ ਹਨ ਕੀਮਤਾਂ...

ਕੇਰਲ ਸਰਕਾਰ ਨੇ ਘੱਟ ਕੀਤੀ ਕੀਮਤ  
ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ ਘਟਾਉਣ ਦੇ ਐਲਾਨ ਤੋਂ ਬਾਅਦ ਕੇਰਲ ਸਰਕਾਰ ਨੇ ਵੀ ਪੈਟਰੋਲ ਤੇ ਡੀਜ਼ਲ 'ਤੇ ਸੂਬੇ ਦੇ ਟੈਕਸ 'ਚ ਕ੍ਰਮਵਾਰ 2.41 ਰੁਪਏ ਤੇ 1.36 ਰੁਪਏ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਸ ਸਮੇਂ ਕੇਰਲ 'ਚ ਇੱਕ ਲੀਟਰ ਪੈਟਰੋਲ ਦੀ ਕੀਮਤ 117.17 ਰੁਪਏ ਹੈ, ਜਦਕਿ ਡੀਜ਼ਲ ਦੀ ਕੀਮਤ 103.93 ਰੁਪਏ ਪ੍ਰਤੀ ਲੀਟਰ ਹੈ।

ਰਾਜਸਥਾਨ ਵਿੱਚ ਕੀਮਤਾਂ ਘੱਟ ਹੋਈਆਂ
ਰਾਜਸਥਾਨ ਸਰਕਾਰ ਨੇ ਵੀ ਪੈਟਰੋਲ 'ਤੇ 2.48 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 'ਤੇ 1.16 ਰੁਪਏ ਪ੍ਰਤੀ ਲੀਟਰ ਵੈਟ ਘਟਾਉਣ ਦਾ ਐਲਾਨ ਕੀਤਾ ਹੈ, ਜਿਸ ਤੋਂ ਬਾਅਦ ਹੁਣ ਸੂਬੇ 'ਚ ਪੈਟਰੋਲ 10.48 ਰੁਪਏ ਤੇ ਡੀਜ਼ਲ 7.16 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਪੈਟਰੋਲ 108 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 109 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਝਾਰਖੰਡ ਸਰਕਾਰ ਨੇ ਕਟੌਤੀ ਕਰਨ ਤੋਂ ਕੀਤਾ ਇਨਕਾਰ
ਫਿਲਹਾਲ ਝਾਰਖੰਡ ਸਰਕਾਰ ਨੇ ਵੈਟ ਦਰਾਂ 'ਚ ਕਟੌਤੀ ਦੀ ਕੋਈ ਯੋਜਨਾ ਨਹੀਂ ਬਣਾਈ। ਵਿੱਤ ਮੰਤਰੀ ਰਾਮੇਸ਼ਵਰ ਉਰਾਓਂ ਦਾ ਕਹਿਣਾ ਹੈ ਕਿ ਝਾਰਖੰਡ ਵਿੱਚ ਪੈਟਰੋਲ ਸਬਸਿਡੀ ਸਕੀਮ ਪਹਿਲਾਂ ਹੀ ਪ੍ਰਭਾਵੀ ਹੈ। ਉਨ੍ਹਾਂ ਸਪੱਸ਼ਟ ਕਿਹਾ ਕਿ ਸੂਬਾ ਸਰਕਾਰ ਵੈਟ ਦੀਆਂ ਦਰਾਂ ਨੂੰ ਸਿੱਧੇ ਤੌਰ ’ਤੇ ਘਟਾਉਣ ਬਾਰੇ ਵਿਚਾਰ ਨਹੀਂ ਕਰ ਰਹੀ।

ਵੇਖੋ ਅੱਜ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕਿੰਨੀ-
ਦਿੱਲੀ 'ਚ ਪੈਟਰੋਲ ਦੀ ਕੀਮਤ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਜੈਪੁਰ 'ਚ ਪੈਟਰੋਲ 108.48 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 93.52 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਮੁੰਬਈ 'ਚ ਪੈਟਰੋਲ 111.35 ਰੁਪਏ ਤੇ ਡੀਜ਼ਲ 97.28 ਰੁਪਏ ਪ੍ਰਤੀ ਲੀਟਰ 'ਤੇ ਬਰਕਰਾਰ ਹੈ।

ਚੇਨਈ 'ਚ ਪੈਟਰੋਲ ਦੀ ਕੀਮਤ 102.63 ਰੁਪਏ ਤੇ ਡੀਜ਼ਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ।

ਇਸ ਸਮੇਂ ਕੋਲਕਾਤਾ 'ਚ ਪੈਟਰੋਲ ਦੀ ਕੀਮਤ 106.03 ਰੁਪਏ ਪ੍ਰਤੀ ਲੀਟਰ ਹੈ, ਜਦਕਿ ਡੀਜ਼ਲ ਦੀ ਕੀਮਤ 92.72 ਰੁਪਏ ਪ੍ਰਤੀ ਲੀਟਰ ਹੈ।

ਨੋਇਡਾ ਵਿੱਚ ਪੈਟਰੋਲ 96.57 ਰੁਪਏ ਅਤੇ ਡੀਜ਼ਲ 89.96 ਰੁਪਏ ਪ੍ਰਤੀ ਲੀਟਰ ਹੈ।

ਇਸ ਸਮੇਂ ਪਟਨਾ 'ਚ ਪੈਟਰੋਲ ਦੀ ਕੀਮਤ 107.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 94.04 ਰੁਪਏ ਪ੍ਰਤੀ ਲੀਟਰ ਹੈ।

ਲਖਨਊ 'ਚ ਪੈਟਰੋਲ 96.57 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

 
ਜਾਣੋ, ਕੀ ਕਿਹਾ ਕੇਂਦਰੀ ਵਿੱਤ ਮੰਤਰੀ ਨੇ?
ਦੱਸ ਦੇਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਟਵੀਟ ਕਰਕੇ ਕਿਹਾ ਹੈ ਕਿ ਜਦੋਂ ਤੋਂ ਕੇਂਦਰ ਵਿੱਚ ਪੀਐਮ ਮੋਦੀ ਦੀ ਸਰਕਾਰ ਆਈ ਹੈ, ਅਸੀਂ ਗਰੀਬਾਂ ਦੀ ਭਲਾਈ ਲਈ ਕੰਮ ਕਰ ਰਹੇ ਹਾਂ। ਅਸੀਂ ਗਰੀਬ ਤੇ ਮੱਧ ਵਰਗ ਦੀ ਮਦਦ ਲਈ ਕੁਝ ਕਦਮ ਚੁੱਕੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਸਾਡੇ ਕਾਰਜਕਾਲ ਦੌਰਾਨ ਔਸਤ ਮਹਿੰਗਾਈ ਪਿਛਲੀ ਸਰਕਾਰ ਨਾਲੋਂ ਘੱਟ ਹੀ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਦੁਨੀਆ ਇਸ ਸਮੇਂ ਮੁਸ਼ਕਲ ਦੌਰ 'ਚੋਂ ਗੁਜ਼ਰ ਰਹੀ ਹੈ। ਜਦੋਂ ਦੁਨੀਆ ਕੋਰੋਨਾ ਮਹਾਂਮਾਰੀ ਤੋਂ ਉਭਰ ਰਹੀ ਸੀ ਤਾਂ ਯੂਕਰੇਨ ਸੰਕਟ ਪੈਦਾ ਹੋਇਆ, ਜਿਸ ਕਾਰਨ ਸਪਲਾਈ ਚੇਨ ਅਤੇ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਹੋ ਗਈ। ਇਸ ਦੇ ਕਈ ਦੇਸ਼ਾਂ ਵਿੱਚ ਮਹਿੰਗਾਈ ਅਤੇ ਆਰਥਿਕ ਸੰਕਟ ਪੈਦਾ ਹੋ ਗਿਆ ਹੈ।

ਪੀਐਮ ਮੋਦੀ ਨੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ
ਕੁਝ ਮਹੀਨੇ ਪਹਿਲਾਂ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਕੇਂਦਰ ਸਰਕਾਰ ਨੇ ਐਕਸਾਈਜ਼ ਡਿਊਟੀ 'ਚ ਕ੍ਰਮਵਾਰ 5 ਰੁਪਏ ਅਤੇ 10 ਰੁਪਏ ਪ੍ਰਤੀ ਲੀਟਰ ਦੀ ਰਿਕਾਰਡ ਕਟੌਤੀ ਕੀਤੀ ਸੀ। ਇਸ ਐਲਾਨ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਰਕਾਰਾਂ ਨੂੰ ਵੈਟ ਘਟਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਹੈ, ਜਿਸ ਕਾਰਨ ਤੇਲ ਦੀਆਂ ਕੀਮਤਾਂ 'ਚ ਕਮੀ ਆਈ ਹੈ। ਪੀਐਮ ਬੋਲੇ,  ਮੈਂ ਸੂਬਾ ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਟੈਕਸ ਘੱਟ ਕਰਨ ਤਾਂ ਜੋ ਜਨਤਾ ਨੂੰ ਵੱਡੀ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀ ਆਲੋਚਨਾ ਨਹੀਂ ਕਰ ਰਿਹਾ ਹਾਂ ਪਰ ਮਹਾਰਾਸ਼ਟਰ, ਪੱਛਮੀ ਬੰਗਾਲ, ਕੇਰਲ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਦੀਆਂ ਸਰਕਾਰਾਂ ਨੂੰ ਬੇਨਤੀ ਹੈ ਕਿ ਉਹ ਵੈਟ ਘਟਾਉਣ ਤਾਂ ਜੋ ਜਨਤਾ ਨੂੰ ਫਾਇਦਾ ਹੋ ਸਕੇ।

ਇਸ ਦੌਰਾਨ ਉਤਰਾਖੰਡ ਨੇ ਸੂਬੇ 'ਚ ਪੈਟਰੋਲ 'ਤੇ ਵੈਟ 'ਚ 2 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉੱਤਰਾਖੰਡ ਵਿੱਚ ਪੈਟਰੋਲ ਦੀ ਕੀਮਤ ਵਿੱਚ 7 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਸੀ।

ਕਰਨਾਟਕ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ 4 ਨਵੰਬਰ ਤੋਂ ਪੈਟਰੋਲ ਅਤੇ ਡੀਜ਼ਲ ਦੋਵਾਂ ਦੀਆਂ ਕੀਮਤਾਂ 'ਤੇ ਵੈਟ 7 ਰੁਪਏ ਪ੍ਰਤੀ ਲੀਟਰ ਘਟਾਉਣ ਜਾ ਰਹੀ ਹੈ। ਮੁੱਖ ਮੰਤਰੀ ਬਸਵਰਾਜ ਬੋਮਈ ਨੇ ਟਵਿੱਟਰ 'ਤੇ ਆਪਣੇ ਅਧਿਕਾਰਤ ਹੈਂਡਲ 'ਤੇ ਇਹ ਐਲਾਨ ਕੀਤਾ ਸੀ।

ਹਰਿਆਣਾ ਸਰਕਾਰ ਨੇ ਸੂਬੇ ਵਿੱਚ ਈਂਧਨ ਦੀਆਂ ਕੀਮਤਾਂ 'ਤੇ ਵੈਟ ਵੀ ਘਟਾ ਕੀਤਾ ਸੀ

ਅਸਾਮ ਸਰਕਾਰ ਨੇ ਵੀ ਕੇਂਦਰ ਸਰਕਾਰ ਦੁਆਰਾ ਐਕਸਾਈਜ਼ ਡਿਊਟੀ ਵਿੱਚ ਕਟੌਤੀ ਦੇ ਅਨੁਸਾਰ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਵਿੱਚ 7 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਦਾ ਐਲਾਨ ਕੀਤਾ ਸੀ।

ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਰਾਜ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ 12 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਜਾਵੇਗੀ।

ਦੂਜੇ ਰਾਜਾਂ ਦੇ ਐਲਾਨ ਤੋਂ ਬਾਅਦ ਮਣੀਪੁਰ ਸਰਕਾਰ ਨੇ ਵੀ ਤੁਰੰਤ ਪ੍ਰਭਾਵ ਨਾਲ ਪੈਟਰੋਲ ਤੇ ਡੀਜ਼ਲ 'ਤੇ 7 ਰੁਪਏ ਵੈਟ ਘਟਾਉਣ ਦਾ ਐਲਾਨ ਕੀਤਾ ਸੀ।