Punjab News: ਫਗਵਾੜਾ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਵਿੱਚ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਗਊਆਂ ਨੂੰ ਜ਼ਹਿਰੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਕਈ ਗਊਆਂ ਅਚਾਨਕ ਬੇਹੋਸ਼ ਹੋ ਗਈਆਂ ਅਤੇ ਮਰਨੀਆਂ ਸ਼ੁਰੂ ਹੋ ਗਈਆਂ। ਇਸ ਨਾਲ ਪੂਰੇ ਸ਼ਹਿਰ ਵਿੱਚ ਹਲਚਲ ਮੱਚ ਗਈ। ਹੁਣ ਤੱਕ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਾਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਫਗਵਾੜਾ ਵਾਸੀਆਂ ਵਿੱਚ ਭਾਰੀ ਰੋਸ ਹੈ। ਇਸ ਕਾਰਨ ਹਿੰਦੂ ਜਥੇਬੰਦੀਆਂ ਨੇ ਅੱਜ ਤੋਂ ਫਗਵਾੜਾ ਸ਼ਹਿਰ ਵਿੱਚ ਦੁਕਾਨਾਂ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਉਥੇ ਮੌਜੂਦ ਹੋਰ ਲੋਕਾਂ ਨੇ ਵੀ ਇਸ ਸੱਦੇ ਲਈ ਸਹਿਮਤੀ ਜਤਾਈ ਹੈ।
ਹਿੰਦੂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
ਇਸ ਘਟਨਾ ਤੋਂ ਬਾਅਦ ਫਗਵਾੜਾ ਵਾਸੀਆਂ ਦੇ ਨਾਲ-ਨਾਲ ਸਮੂਹ ਹਿੰਦੂ ਜਥੇਬੰਦੀਆਂ ਵੱਲੋਂ ਵੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਹਿੰਦੂ ਸੰਗਠਨ ਦੇ ਨੇਤਾ ਦੀਪਕ ਭਾਰਦਵਾਜ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਘਿਨੌਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਮੁਲਜ਼ਮ ਫੜੇ ਨਹੀਂ ਜਾਂਦੇ ਉਹ ਦੁਕਾਨਾਂ ਬੰਦ ਰੱਖਣਗੇ। ਉਨ੍ਹਾਂ ਕਿਹਾ ਕਿ ਅੱਜ ਤੋਂ ਬਾਜ਼ਾਰ ਬੰਦ ਰਹਿਣਗੇ। ਇਸ ਮੌਕੇ ਹਾਜ਼ਰ ਸਾਰਿਆਂ ਨੇ ਵੀ ਇਸ ਉੱਪਰ ਸਹਿਮਤੀ ਜਤਾਈ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਤੋਂ ਵੱਧ ਦਰਦਨਾਕ ਕੋਈ ਹਾਦਸਾ ਨਹੀਂ ਹੋ ਸਕਦਾ। ਗਊਸ਼ਾਲਾ 'ਚ ਜ਼ਹਿਰ ਕਾਰਨ 10 ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਗਾਵਾਂ ਵੀ ਇਸ ਨਾਲ ਪੀੜਤ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ, 4-5 ਗਾਵਾਂ ਨੂੰ ਬਚਾਇਆ ਗਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਪਸ਼ੂਆਂ ਦੇ ਡਾਕਟਰਾਂ ਦੀਆਂ ਹੋਰ ਟੀਮਾਂ ਭੇਜਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮ੍ਰਿਤਕ ਗਊਆਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਪੁਲਿਸ ਵੀ ਜਾਂਚ ਕਰ ਰਹੀ ਹੈ। ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ਬਹੁਤ ਹੀ ਘਿਨੋਣੀ ਕੰਮ ਦੱਸਿਆ।