ਅੱਠ ਘੰਟੇ ਦੀ ਬਹਿਸ ਫਾਰਮੈਲਟੀ, ਕੈਪਟਨ ਨੇ ਦੁਬਾਰਾ ਖੇਡੀ ਖੇਡ- ਫੂਲਕਾ
ਏਬੀਪੀ ਸਾਂਝਾ | 28 Aug 2018 08:49 PM (IST)
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਬੇਅਦਬੀਆਂ ਦੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ (SIT) ਨੂੰ ਦੇਣ ਦਾ ਮਤਾ ਪਾਸ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਇਹ ਪ੍ਰਸਤਾਵ ਪਾਸ ਕੀਤਾ। ਪਰ ਸਦਨ ਵਿੱਚ ਪਾਸ ਹੋਏ ਮਾਮਲੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨਾਖੁਸ਼ ਰਹੇ। ਉਨ੍ਹਾਂ ਕਿਹਾ ਕਿ ਅੱਠ ਘੰਟੇ ਦੀ ਸਦਨ ਦੀ ਬਹਿਸ ਸਿਰਫ ਇੱਕ ਫਾਰਮੈਲਿਟੀ ਸੀ ਜਿਸ ਵਿੱਚ ਕੈਪਟਨ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਦੁਬਾਰਾ ਖੇਡ ਖੇਡੀ ਹੈ। ਫੂਲਕਾ ਨੇ ਸਰਕਾਰ ਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਐਕਸ਼ਨ ਟੇਕਨ ਰਿਪੋਰਟ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਵੱਡੇ ਲੀਡਰਾਂ ਨੂੰ ਬਖਸ਼ਿਆ ਗਿਆ ਤੇ ਛੋਟਿਆਂ ਤੇ ਗਿਰੀ ਗਾਜ਼? ਫੂਲਕਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਬੇਅਦਬੀ ਮਾਮਲਿਆਂ 'ਚ ਇਨਸਾਫ ਕਰਦੀ ਤਾਂ ਅੱਜ ਸਦਨ ਵਿੱਚ ਅਕਾਲੀ ਦਲ ਲੀਡਰਾਂ ਤੇ ਪੁਲਿਸ ਅਫਸਰਾਂ ਦੇ ਖਿਲਾਫ ਮਾਮਲਾ ਦਰਜ ਕਰਨ ਦਾ ਪ੍ਰਸਤਾਵ ਪਾਸ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਅਕਾਲੀ ਲੀਡਰ ਤੇ ਵੱਡੇ ਅਫਸਰਾਂ ਦਾ ਨਾਮ ਹੈ ਪਰ ਐਕਸ਼ਨ ਟੇਕਨ ਰਿਪੋਰਟ ਦੇ ਵਿੱਚ ਸਿਰਫ਼ ਪੰਜਾਬ ਦੇ ਛੋਟੇ ਪੁਲਿਸ ਕਰਮੀਆਂ ਦਾ ਹੀ ਨਾਮ ਹੈ।