ਚੰਡੀਗੜ੍ਹ: ਵਿਰੋਧੀਆਂ ਨੂੰ ਚਿੱਤ ਕਰਨ ਲਈ ਰਣਨੀਤੀ ਘੜਨ ਵਿੱਚ ਮਾਹਿਰ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਵਿਧਾਨ ਸਭਾ ਵਿੱਚ ਖੁਦ ਹੀ ਚਿੱਤ ਹੋ ਗਏ। ਅਕਾਲੀ ਦਲ ਨੇ ਅੱਜ ਵਿਧਾਨ ਸਭਾ ਵਿੱਚ ਬੇਅਦਬੀ ਮਾਮਲੇ ਬਾਰੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਤੇ ਬਹਿਸ ਦਾ ਬਾਈਕਾਟ ਕਰ ਦਿੱਤਾ। ਇਸ ਲਈ ਕਾਂਗਰਸ ਤੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਖੁੱਲ੍ਹਾ ਮੈਦਾਨ ਮਿਲ ਗਿਆ ਤੇ ਉਨ੍ਹਾਂ ਨੇ ਪੰਜਾਬ ਦੇ ਜਨਤਾ ਸਾਹਮਣੇ ਅਕਾਲੀ ਦਲ ਦੇ ਪੋਤੜੇ ਤੱਕ ਫੋਲ ਦਿੱਤੇ।   ਦਰਅਸਲ ਕਾਂਗਰਸ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਬਹਿਸ ਦਾ ਟੀਵੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਕੀਤਾ ਹੋਇਆ ਸੀ। ਅਕਾਲੀ ਦਲ ਦੀ ਗੈਰ ਹਾਜ਼ਰੀ ਦਾ ਲਾਹਾ ਲੈਂਦੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਦਿਲ ਖੋਲ੍ਹ ਕੇ ਰਗੜੇ ਲਾਏ। ਉਨ੍ਹਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ। ਇਸ ਲਈ ਅਕਾਲੀ ਦਲ ਨੂੰ ਗੱਦਾਰ ਤੱਕ ਕਰਾਰ ਦੇ ਦਿੱਤਾ ਗਿਆ। ਸਾਰੇ ਮੈਂਬਰਾਂ ਨੇ ਖਾਸਕਰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ। ਉਮੀਦ ਕੀਤੀ ਜਾ ਰਹੀ ਸੀ ਕਿ ਅਕਾਲੀ ਦਲ ਨੇ ਜਿਸ ਤਰੀਕੇ ਨਾਲ ਵਿਧਾਨ ਸਭਾ ਦੇ ਬਾਹਰ ਜਸਟਿਸ ਰਣਜੀਤ ਸਿੰਘ ਰਿਪੋਰਟ 'ਤੇ ਕਾਂਗਰਸ ਨੂੰ ਘੇਰਿਆ ਹੈ, ਸਦਨ ਅੰਦਰ ਵੀ ਕਾਂਗਰਸ 'ਤੇ ਤਿੱਖੇ ਹਮਲੇ ਕੀਤੇ ਜਾਣਗੇ। ਇਸ ਲਈ ਸਭ ਦੀ ਅੱਖ ਵਿਧਾਨ ਸਭਾ ਦੀ ਕਾਰਵਾਈ 'ਤੇ ਲੱਗੀ ਸੀ। ਕਾਂਗਰਸ ਨੇ ਵੀ ਅਕਾਲੀਆਂ ਦੇ ਟਾਕਰੇ ਲਈ ਲੰਮੀ-ਚੌੜੀ ਰਣਨੀਤੀ ਉਲੀਕੀ ਹੋਈ ਸੀ ਪਰ ਹੈਰਾਨੀ ਉਸ ਵੇਲੇ ਹੋਈ ਜਦੋਂ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਅਕਾਲੀ ਵਿਧਾਇਕ ਵਾਕਆਊਟ ਕਰ ਗਏ ਤੇ ਮੁੜ ਕੇ ਵਾਪਸ ਹੀ ਨਾ ਆਏ। ਵਿਧਾਨ ਸਭਾ ਦੀ ਕਾਰਵਾਈ ਵੇਖ ਕੇ ਲੱਗ ਰਿਹਾ ਸੀ ਕਿ ਅਕਾਲੀ ਦਲ ਦਾ ਪੈਂਤੜਾ ਪੁੱਠਾ ਪੈ ਗਿਆ ਹੈ। ਅਕਾਲੀ ਦਲ ਜਸਟਿਸ ਰਣਜੀਤ ਸਿੰਘ ਰਿਪੋਰਟ ਨੂੰ ਬੋਗਸ ਦੱਸ ਰਿਹਾ ਹੈ ਪਰ ਸਦਨ ਵਿੱਚ ਇਹ ਗੱਲ਼ ਰੱਖਣ ਲਈ ਉਨ੍ਹਾਂ ਦਾ ਕੋਈ ਮੈਂਬਰ ਹੀ ਨਹੀਂ ਸੀ। ਬਹਿਸ ਦਾ ਟੀਵੀ ਚੈਨਲਾਂ 'ਤੇ ਸਿੱਧਾ ਪ੍ਰਸਾਰਣ ਹੋਣ ਕਰਕੇ ਜਿੱਥੇ ਇਸ ਦਾ ਲਾਹਾ ਸਾਰਾ ਲਾਹਾ ਕਾਂਗਰਸ ਨੂੰ ਮਿਲਿਆ, ਉੱਥੇ ਹੀ ਅਕਾਲੀ ਦਲ ਆਪਣੀ ਗੱਲ਼ ਕਹਿਣ ਵਿੱਚ ਨਾਕਾਮ ਰਿਹਾ ਹੈ।