ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਦੋ ਧੜਿਆਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਐਚਐਸ ਫੂਲਕਾ ਨੇ ਆਪਣੀ ਸੀਟ ਸੁਖਪਾਲ ਖਹਿਰਾ ਨੂੰ ਦੇਣ ਦੀ ਗੱਲ ਕੀਤੀ। ਦਰਅਸਲ, ਬੀਤੇ ਕੱਲ੍ਹ ਵਿਧਾਨ ਸਭਾ ਵਿੱਚ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਪੀਕਰ ਨੂੰ ਸੀਟਿੰਗ ਪਲਾਨ ਭੇਜਦਿਆਂ ਖਹਿਰਾ ਤੇ ਕੰਵਰ ਸੰਧੂ ਦੀਆਂ ਸੀਟਾਂ ਪਿੱਛੇ ਕਰ ਦਿੱਤੀਆਂ ਸਨ। ਹੁਣ ਦਾਖਾ ਤੋਂ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਆਪਣੀ ਸੀਟ ਖਹਿਰਾ ਨੂੰ ਦੇਣ ਦੀ ਬੇਨਤੀ ਕੀਤੀ ਹੈ। ਫੂਲਕਾ ਨੇ ਸਪੀਕਰ ਨੂੰ ਲਿਖੀ ਚਿੱਠੀ ਆਪਣੇ ਫੇਸਬੁੱਕ ਖਾਤੇ 'ਤੇ ਅਪਲੋਡ ਕਰ ਦਿੱਤੀ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਦੀ ਸੀਟ ਨੰਬਰ 38 ਪਹਿਲੀ ਕਤਾਰ ਵਿੱਚ ਹੈ, ਉਹ ਸੁਖਪਾਲ ਖਹਿਰਾ ਨੂੰ ਦਿੱਤੀ ਜਾਵੇ ਤੇ ਸੁਖਪਾਲ ਖਹਿਰੇ ਦੀ 115 ਨੰਬਰ ਸੀਟ ਉਨ੍ਹਾਂ ਨੂੰ ਦੇ ਦਿੱਤੀ ਜਾਵੇ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਸੁਖਪਾਲ ਖਹਿਰੇ ਤੇ ਕੰਵਰ ਸੰਧੂ ਦੀ ਸੀਟ ਵਿਧਾਨ ਸਭਾ ਦੇ ਵਿਰੋਧੀ ਧਿਰ ਵਿੱਚ ਅਖੀਰ ਵਿੱਚ ਰੱਖੀ ਸੀ। ਇਸ ਤੋਂ ਬਾਅਦ ਸੁਖਪਾਲ ਖਹਿਰਾ ਤੇ ਉਨ੍ਹਾਂ ਦਾ ਧੜਾ ਪਾਰਟੀ ਵੱਲੋਂ ਬੁਲਾਈ ਵਿਧਾਨ ਸਭਾ ਸੈਸ਼ਨ ਦੀ ਪਲਾਨਿੰਗ ਸਬੰਧੀ ਰੱਖੀ ਮੀਟਿੰਗ ਵਿੱਚ ਵੀ ਨਹੀਂ ਪਹੁੰਚੇ। ਫਿਲਹਾਲ, ਸੀਟ ਬਦਲੀ ਲਈ ਫੂਲਕਾ ਦੀ ਚਿੱਠੀ 'ਤੇ ਸਪੀਕਰ ਨੇ ਫੈਸਲਾ ਲੈਣਾ ਹੈ।